ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਮਾਮਲੇ ਦੀ NIA ਕਰੇਗੀ ਜਾਂਚ

11/11/2018 11:13:29 AM

ਚੰਡੀਗੜ੍ਹ— ਪੰਜਾਬ ਪੁਲਸ ਤੇ ਕਸ਼ਮੀਰ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤੇ 3 ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਮਾਮਲੇ ਦਾ ਕੇਸ ਹੁਣ ਐਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਤੇ ਜੰਮੂ-ਕਸ਼ਮੀਰ ਪੁਲਸ ਵਲੋਂ ਸਾਂਝੇ ਆਪਰੇਸ਼ਨ 'ਚ ਕਸ਼ਮੀਰ 'ਚ ਸਰਗਰਮ ਅੱਤਵਾਦੀ ਜਮਾਤ ਅੰਸਾਰ ਗਾਜਵਤ-ਉੱਲ-ਹਿੰਦ (ਏ. ਜੀ.ਐੱਚ) ਦੇ ਤਿੰਨ ਮੈਂਬਰ ਕਸ਼ਮੀਰੀ ਵਿਦਿਆਰਥੀਆਂ ਦਾ ਕੇਸ ਹੁਣ ਐਨ. ਆਈ. ਏ. (ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ) ਹਵਾਲੇ ਕਰ ਦਿੱਤਾ ਗਿਆ ਹੈ।  ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਇਹ ਕੇਸ ਐੱਨ. ਆਈ. ਏ. ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੀ ਜਲੰਧਰ ਪੁਲਸ ਤੇ ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਬੁੱਧਵਾਰ ਨੂੰ ਕਸ਼ਮੀਰ 'ਚ ਸਰਗਰਮ ਅੱਤਵਾਦੀ ਜਮਾਤ ਅੰਸਾਰ ਗਾਜਵਤ-ਉੱਲ-ਹਿੰਦ (ਏ.ਜੀ.ਐੱਚ) ਦੇ ਤਿੰਨ ਮੈਂਬਰ ਵਿਦਿਆਰਥੀਆਂ ਨੂੰ ਸੀਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਮੈਨੇਜਮੈਂਟ ਐਂਡ ਟੈਕਨਾਲੌਜੀ ਦੇ ਸ਼ਾਹਪੁਰ ਕੈਂਪਸ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ ਦੋ ਵਿਦਿਆਰਥੀ ਸੀਟੀ ਇੰਸਟੀਚਿਊਟ 'ਚ ਬੀਟੈੱਕ ਦੇ ਵਿਦਿਆਰਥੀ ਹਨ ਤੇ ਇਕ ਸੇਂਟ ਸੋਲਜ਼ਰ ਗਰੁੱਪ ਦਾ ਮੈਡੀਕਲ ਲੈਬ ਸਾਇੰਸ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਗ੍ਰਿਫ਼ਤਾਰ ਵਿਦਿਆਰਥੀਆਂ ਦੇ ਕਬਜ਼ੇ 'ਚੋਂ ਪੁਲਿਸ ਨੇ ਏਕੇ 47 ਅਸਾਲਟ ਰਾਈਫਲ, ਦੋ ਇਟਲੀ ਦੇ ਬਣੇ ਪਿਸਤੌਲ, ਦੋ ਮੈਗਜ਼ੀਨ ਤੇ ਇਕ ਕਿੱਲੋ ਆਰਡੀਐਕਸ ਬਰਾਮਦ ਕੀਤਾ ਹੈ।