ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੇਵਾ ਕੇਂਦਰਾਂ ਰਾਹੀਂ ਹੋਵੇਗੀ ਰਜਿਸਟਰੇਸ਼ਨ

10/31/2019 8:56:49 AM

ਮੋਹਾਲੀ, (ਨਿਆਮੀਆਂ)- ਪੰਜਾਬ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਸੂਬੇ ਭਰ ਵਿਚ ਸਥਾਪਤ ਸੇਵਾ ਕੇਂਦਰਾਂ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ 1 ਨਵੰਬਰ ਤੋਂ ਰਾਜ ਭਰ ਵਿਚ ਸਥਾਪਤ ਸੇਵਾ ਕੇਂਦਰਾਂ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਇੱਛੁਕ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਲਈ ਪੋਰਟਲ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਰਜਿਸਟਰੇਸ਼ਨ ਸਬੰਧੀ ਅਰਜ਼ੀ ਫਾਰਮ ਉਪਲਬਧ ਹਨ ਅਤੇ ਜੇ ਕੋਈ ਨਾਗਰਿਕ ਆਪਣਾ ਫਾਰਮ ਦਸਤੀ ਤੌਰ ’ਤੇ ਭਰਵਾਉਣ ਲਈ ਸੇਵਾਵਾਂ ਲਵੇਗਾ ਤਾਂ ਉਸ ਤੋਂ 20 ਰੁਪਏ ਫੀਸ ਲਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜਾ ਵੀ ਸ਼ਰਧਾਲੂ ਫਾਰਮ ਖ਼ੁਦ ਭਰ ਕੇ ਲਿਆਵੇਗਾ, ਉਸ ਤੋਂ ਆਨਲਾਈਨ ਰਜਿਸਟਰੇਸ਼ਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਈ-ਗਵਰਨੈਂਸ ਸੋਸਾਇਟੀ ਨੇ ਇਸ ਮੰਤਵ ਲਈ ਇਕ ਹੈਲਪਲਾਈਨ ਵੀ ਸਥਾਪਤ ਕੀਤੀ ਹੈ। ਜੇ ਕਿਸੇ ਸ਼ਰਧਾਲੂ ਨੂੰ ਰਜਿਸਟਰੇਸ਼ਨ ਦੌਰਾਨ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 8283842323 ਉਤੇ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ।