ਜਦੋਂ ਕਰਤਾਰਪੁਰ ਸਾਹਿਬ ਵਿਖੇ ਮਨਾਈ ਵਿਆਹ ਵੀ 50ਵੀਂ ਵਰ੍ਹੇਗੰਢ

11/09/2020 11:45:33 AM

1947 ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਤੋਂ 7 ਮੀਲ ਪਰ੍ਹਾਂ ਨਾਰੋਵਾਲ ਦੇ ਪਿੰਡ ਨਿੱਦੋਕੇ ਵਿਖੇ ਸਰਦਾਰ ਹਰਨਾਮ ਸਿੰਘ ਦਾ ਪਰਿਵਾਰ ਰਹਿੰਦਾ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਰਤਾਰਪੁਰ ਸਾਹਿਬ ਤੋਂ 7 ਮੀਲ ਉਰਾਂ ਭਾਰਤ ਵਾਲੇ ਪਾਸੇ ਪਿੰਡ ਬਸੰਤਕੋਟ ਵਿਖੇ ਆ ਗਿਆ। 

ਪਿੰਡ ਬਸੰਤਕੋਟ ਦੇ ਜਸਵੰਤ ਸਿੰਘ ਗਿੱਲ ਹੁਣਾਂ ਦਾ ਵਿਆਹ 23 ਨਵੰਬਰ 1969 ਨੂੰ ਪ੍ਰਸ਼ੋਤਮ ਕੌਰ ਹੋਣਾਂ ਨਾਲ ਹੋਇਆ । ਇਸੇ ਤਾਰੀਖ਼ ਨੂੰ ਅੱਜ ਤੋਂ 50 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ । ਜਸਵੰਤ ਸਿੰਘ ਗਿੱਲ ਅੱਜ ਕੱਲ੍ਹ ਆਸਟ੍ਰੇਲੀਆ ਰਹਿੰਦੇ ਹਨ। 26 ਨਵੰਬਰ 2018 ਨੂੰ ਕਰਤਾਰਪੁਰ ਸਾਹਿਬ ਲਾਂਘਾ ਖ਼ੁੱਲ੍ਹਣ ਦੀ ਖ਼ਬਰ ਉਨ੍ਹਾਂ ਲਈ ਖੁਸ਼ੀ ਲੈ ਕੇ ਆਈ ਅਤੇ ਉਨ੍ਹਾਂ ਨੇ ਮਨ ਬਣਾ ਲਿਆ ਕਿ ਉਹ ਆਪਣੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ ਹੀ ਮਨਾਉਣਗੇ । ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਭਰਾ ਰੋਜ਼ੀ ਰੋਟੀ ਦੇ ਚੱਕਰ ਵਿੱਚ ਬਸੰਤ ਕੋਟ ਤੋਂ ਬਟਾਲਾ ਲੁਧਿਆਣਾ ਅਤੇ ਦੋਰਾਹੇ ਤੱਕ ਫ਼ੈਲ ਗਏ ਪਰ ਉਨ੍ਹਾਂ ਦਾ ਆਪਣੇ ਪਿੰਡ ਬਸੰਤਕੋਟ ਅਤੇ ਉਸ ਤੋਂ ਪਹਿਲਾਂ ਦੇ ਪਿੰਡ ਨਿੱਦੋਕੇ ਨਾਲ ਰਿਸ਼ਤਾ ਨਹੀਂ ਟੁੱਟਿਆ । ਅੱਜ ਤੋਂ ਪੰਜ ਛੇ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁਰਾਣੇ ਪਿੰਡ ਦੇ ਬੰਦਿਆਂ ਨੂੰ ਲੱਭ ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵਿਆਹ ਦੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ ਮਨਾਉਣ ਬਾਰੇ ਗੱਲ ਆਪਣੇ ਲਹਿੰਦੇ ਪੰਜਾਬ ਦੇ ਪਿੰਡ ਨਿੱਦੋਕੇ ਦੇ ਹਾਫਿਜ਼ ਅਬਦੁਲ ਗਫਾਰ ਦੇ ਪਰਿਵਾਰ ਨਾਲ ਸਾਂਝੀ ਕੀਤੀ। 

ਹਾਫਿਜ਼ ਅਬਦੁਲ ਗਫਾਰ 23 ਨਵੰਬਰ ਨੂੰ ਆਪਣੀ ਘਰਵਾਲੀ ਰਿਹਾਨਾ ਗਫਾਰ ਅਤੇ ਬੱਚਿਆਂ ਨਾਲ ਉਚੇਚਾ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਹ ਘਰੋਂ ਰੋਟੀ ਅਤੇ ਸੇਵੀਆਂ ਬਣਾ ਕੇ ਲਿਆਏ। ਅਬਦੁਲ ਗਫਾਰ ਨਾਰੋਵਾਲ ਵਿਖੇ ਅਧਿਆਪਕ ਹਨ। ਉਨ੍ਹਾਂ ਦੀਆਂ ਧੀਆਂ ਆਮਨਾ ਗਫਾਰ ਅਤੇ ਕੁਰਤੁਲੇਨ ਗਫਾਰ ਲਾਹੌਰ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ ਫਿਜ਼ਿਕਸ ਕਰ ਰਹੀਆਂ ਹਨ । ਅਬਦੁਲ ਗਫਾਰ ਦੱਸਦੇ ਹਨ ਕਿ ਧੀਆਂ ਦੀ ਪੜ੍ਹਾਈ ਲਈ ਉਨ੍ਹਾਂ ਦੀ ਮਾਂ ਅਤੇ ਦਾਦਾ ਜੀ ਲਾਹੌਰ ਵਿਖੇ ਹੀ ਰਹਿੰਦੇ ਹਨ। ਮਾਸਟਰ ਗੁਫਾਰ ਮੁਤਾਬਕ ਬਾਪੂ ਹਰਨਾਮ ਸਿੰਘ ਦੇ ਪਰਿਵਾਰ ਵਿੱਚੋਂ 72 ਵਰ੍ਹਿਆਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਉਨ੍ਹਾਂ ਨੂੰ ਮਿਲਿਆ ਹੈ, ਜਿਸ ਦੀ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਹੋਈ । ਉਨ੍ਹਾਂ ਮੁਤਾਬਕ ਉਨ੍ਹਾਂ ਦੇ ਅੱਬਾ ਅਤੇ ਬਾਪੂ ਹਰਨਾਮ ਸਿੰਘ ਹੁਣਾਂ ਦਾ ਭਰਾਵਾਂ ਨਾਲੋਂ ਵੀ ਵੱਧ ਪਿਆਰ ਸੀ ਪਰ ਵੰਡ ਕਰਕੇ ਉਨ੍ਹਾਂ ਨੂੰ ਵਿਛੜਨਾ ਪਿਆ । ਅਬਦੁਲ ਗਫਾਰ ਨਿਹਾਇਤ ਖੁਸ਼ੀ ਦੇ ਨਾਲ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਆਪਣੇ ਸਾਰੇ ਭਤੀਜਿਆਂ ਲਈ ਸੌਗਾਤ ਵਜੋਂ ਸ਼ੱਕਰ ਵੀ ਲੈ ਕੇ ਆਏ।

ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ 1962 ਦੇ ਦਿਨਾਂ ਦੀ ਗੱਲ ਹੈ, ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਵੇਖਿਆ ਸੀ ਅਤੇ ਸੋਚਿਆ ਸੀ ਕਿ ਇਹ ਮੌਸਮ ਹਵਾਵਾਂ ਅਤੇ ਪੰਛੀ ਜਦੋਂ ਇੱਕ ਦੂਜੇ ਦੇ ਆ ਸਕਦੇ ਹਨ ਤਾਂ ਅਸੀਂ ਬੰਦੇ ਕਿਉਂ ਨਹੀਂ? ਉਨ੍ਹਾਂ ਮੁਤਾਬਿਕ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਪੁਰਾਣੇ ਪਿੰਡ ਦੇ ਬੇਲੀਆਂ ਨੂੰ ਮਿਲ ਕੇ ਇਹ ਯਾਦਗਾਰ ਦਿਨ ਹੋ ਨਿੱਬੜਿਆ ਸੀ। ਹਾਫਿਜ਼ ਅਬਦੁਲ ਗਫਾਰ ਦੱਸਦੇ ਹਨ ਕਿ ਉਹ ਇਸ ਤੋਂ ਪਹਿਲਾਂ ਵੀ ਕਰਤਾਰਪੁਰ ਸਾਹਿਬ ਵਿਖੇ ਅਕਸਰ ਹੀ ਆਉਂਦੇ ਰਹਿੰਦੇ ਹਨ। ਉਨ੍ਹਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਪੀਰ ਹਨ। ਉਨ੍ਹਾਂ ਮੁਤਾਬਕ ਵਿਆਹ ਤੋਂ ਬਹੁਤ ਲੰਮੇ ਸਮੇਂ ਤੱਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਅਖੀਰ ਕਰਤਾਰਪੁਰ ਸਾਹਿਬ ਵਿਖੇ ਸੁੱਖਣਾ ਸੁੱਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੋ ਧੀਆਂ ਦੀ ਦਾਤ ਮਿਲੀ । ਅਬਦੁਲ ਗਫਾਰ ਕਹਿੰਦੇ ਹਨ ਕਿ ਇਸ ਵਿਸ਼ਵਾਸ ਵਿੱਚ ਹੀ ਸਾਡੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਮੁਹੱਬਤ ਲੁਕੀ ਹੋਈ ਹੈ । ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀਆਂ ਧੀਆਂ ਆਮਨਾ ਅਤੇ ਕੁਰਤੁਲੇਨ ਹੋਣਹਾਰ ਧੀਆਂ ਹਨ ਅਤੇ ਲਾਹੌਰ ਯੂਨੀਵਰਸਿਟੀ ਵਿੱਚ ਪੜ੍ਹ ਰਹੀਆਂ ਹਨ।

ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਸੀਰੀ ਦਾ ਕੰਮ ਕਰਦੇ ਹੋਏ ਬਾਊ ਨਵਾਬ ਮਸੀਹ ਹੋਣਾਂ ਨੂੰ ਵੀ ਉਹ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਉਮਰ ਇਸ ਵੇਲੇ 100 ਸਾਲ ਹੋਣ ਕਰਕੇ ਬਿਰਧ ਸਰੀਰ ਤੋਰਾ ਫੇਰਾ ਨਹੀਂ ਕਰ ਸਕਦਾ, ਜਿਸ ਕਰਕੇ ਉਹ ਮਿਲ ਨਹੀਂ ਸਕੇ । ਜਸਵੰਤ ਸਿੰਘ ਗਿੱਲ ਭਾਵੁਕ ਹੋ ਕੇ ਕਹਿੰਦੇ ਹਨ ਕਿ ਪਰਵਾਸ ਕਰਦੇ ਹੋਏ ਅਸੀਂ ਬੇਸ਼ੱਕ ਆਸਟ੍ਰੇਲੀਆ ਆ ਪਹੁੰਚੇ ਹਾਂ ਪਰ ਪਰਵਾਸ ਕਰਦੇ ਹੋਏ ਪੰਛੀ ਆਪਣੇ ਘਰਾਂ ਨੂੰ ਪਰਤਦੇ ਜ਼ਰੂਰ ਹਨ ਅਤੇ ਆਪਣੇ ਪਿੱਛੇ ਛੁੱਟ ਗਏ ਘਰਾਂ ਨੂੰ ਤਾਉਮਰ ਯਾਦ ਰੱਖਦੇ ਹਨ।

‘ਕਰਤਾਰਪੁਰ ਸਾਹਿਬ ਤੋਂ ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ ਦੀ ਰਿਪੋਰਟ’

rajwinder kaur

This news is Content Editor rajwinder kaur