ਕਰਤਾਰਪੁਰ ਸਾਹਿਬ : ਗੱਲਾਂ ਬਾਤਾਂ ਹਾਸੇ ਠੱਠੇ ਅਤੇ ਰੂਹਾਨੀ ਮਜਲਿਸਾਂ ਦਾ ਡੇਰਾ

12/06/2019 12:21:26 PM

ਕਰਤਾਰਪੁਰ ਸਾਹਿਬ (ਹਰਪ੍ਰੀਤ ਸਿੰਘ ਕਾਹਲੋਂ, ਅਮਰੀਕ ਸਿੰਘ ਟੁਰਨਾ) - “ਹਾਂ ਜੀ ! ਪੰਜਾਬ ਗਰੁੱਪ ਦੇ ਸੋਹਣਿਓ ਮਿੱਤਰੋ ਅਤੇ ਮਨ ਠਾਰ ਸੱਜਣੋ...“ ਇੰਜ ਕਹਿੰਦਿਆਂ ਸਾਂਝੇ ਪੰਜਾਬ ਦੇ ਸਾਂਝੇ ਕਵੀ ਅਹਿਸਾਨ ਬਾਜਵਾ ਰੋਜ਼ਾਨਾ ਇਕ ਨਵਾਂ ਵਿਸ਼ਾ ਵਾਟਸਐਪ ਗਰੁੱਪ ਦੇ ਅੰਦਰ ਸ਼ੁਰੂ ਕਰਦੇ ਨੇ ਅਤੇ ਉਸ ਮਗਰੋਂ ਦੋਵਾਂ ਪੰਜਾਬਾਂ ਦੇ ਸਾਂਝੇ ਬੰਦਿਆਂ ਦੀਆਂ ਆਪਸ 'ਚ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਹਨ। ਇਹ ਇਕ ਤਰ੍ਹਾਂ ਦਾ ਵਟਸਐਪ ਦਾ ਆਪਣਾ ਸ਼ਾਮ ਨੂੰ ਚੱਲਣ ਵਾਲਾ ਰੇਡੀਓ ਹੋ ਨਿੱਬੜਿਆ ਹੈ। ਮੁਹੱਬਤਾਂ ਵੰਡਦੇ ਅਮਨ-ਅਮਾਨ ਦੀਆਂ ਗੱਲਾਂ ਕਰਦੇ ਹੋਏ ਪੰਜਾਬ ਦੀ ਵਿਰਾਸਤ, ਪੰਜਾਬ ਦੀਆਂ ਜੜ੍ਹਾਂ ਦੀ ਕਹਾਣੀਆਂ ਨਿੱਤ ਇੰਝ ਹੀ ਪੈਂਦੀਆਂ ਰਹਿੰਦੀਆਂ ਹਨ।

ਬਾਜਵਾ ਵੀ ਕਰਤਾਰਪੁਰ ਸਾਹਿਬ ਆਪਣੇ ਚੜ੍ਹਦੇ ਪੰਜਾਬ ਦੇ ਮਿੱਤਰਾਂ ਨੂੰ ਮਿਲਣ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਉਚੇਚਾ ਪਹੁੰਚੇ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵੇਲੇ ਇੰਝ ਦੀਆਂ ਗੱਲਾਂ - ਬਾਤਾਂ,ਹਾਸੇ ਠੱਠੇ ਅਤੇ ਰੂਹਾਨੀ ਮਜਲਿਸਾਂ ਮੁਹੱਬਤ ਦੀ ਨਵੀਂ ਇਬਾਰਤ ਲਿਖ ਰਹੀਆਂ ਹਨ । ਅਹਿਸਾਨ ਬਾਜਵਾ ਦੱਸਦੇ ਹਨ ਕਿ ਉਹ 12 ਪੀੜ੍ਹੀਆਂ ਪਹਿਲਾਂ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ। ਉਨ੍ਹਾਂ ਦੇ ਬਜ਼ੁਰਗ ਬਾਬਾ ਗੱਖੜ ਨੇ ਜ਼ਿਲਾ ਸਿਆਲਕੋਟ ਤਹਿਸੀਲ ਪਸਰੂਰ ਦਾ ਪਿੰਡ ਗੱਖੜਵਾਲੀ ਵਸਾਇਆ ਸੀ। ਬਾਬਾ ਗੱਖੜ ਤੋਂ ਅੱਗੇ ਤਖ਼ਤ ਮੱਲ ਹੋਏ ਨੇ ਇਸੇ ਕਰਕੇ ਉਨ੍ਹਾਂ ਦੀ ਅੱਜ ਵੀ ਬਾਰਾਂ ਪੀੜ੍ਹੀਆਂ ਬਾਅਦ ਅੱਲ ਤਖ਼ਤ ਮੱਲ ਵੱਜਦੀ ਹੈ।

ਉਨ੍ਹਾਂ ਦੀਆਂ ਗੱਲਾਂ ਅਤੇ ਕਵਿਤਾਵਾਂ ਸੁਣਨ ਲਈ ਚੜ੍ਹਦੇ ਪੰਜਾਬ ਤੋਂ ਆਏ ਹੋਏ ਲੋਕ ਉਨ੍ਹਾਂ ਦੇ ਆਲੇ ਦੁਆਲੇ ਆ ਜੁੜ ਬੈਠੇ ਸਨ। ਅਹਿਸਾਨ ਬਾਜਵਾ ਦੀਆਂ ਵੱਡੀਆਂ ਰਚਨਾਵਾਂ 'ਆਖਣ ਲੋਕ ਸਿਆਣੇ' ਸੱਚਬਾਣੀ, ਰਾਠਬਾਣੀ ਅਤੇ ਅਜਿਹੀਆਂ ਹੋਰ ਸ਼ਾਹਕਾਰ ਰਚਨਾਵਾਂ ਦੇ ਦੀਵਾਨੇ ਦੋਹਾਂ ਪੰਜਾਬਾਂ ਦੇ ਪਾਠਕ ਹਨ। ਅਹਿਸਾਨ ਬਾਜਵਾ ਮੁਤਾਬਕ ਉਨ੍ਹਾਂ ਦੀ ਕਿਤਾਬ ਆਖਣ ਲੋਕ ਸਿਆਣੇ ਬਹੁਤ ਛੇਤੀ ਚੰਡੀਗੜ੍ਹ ਤੋਂ ਗੁਰਪਾਲ ਸੰਧੂ ਦੇ ਸਹਿਯੋਗ ਨਾਲ ਗੁਰਮੁੱਖੀ ਪੜ੍ਹਨ ਵਾਲਿਆਂ ਲਈ ਛਪ ਰਹੀ ਹੈ । ਅਹਿਸਾਨ ਬਾਜਵਾ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਕਰਤਾਰਪੁਰ ਸਾਹਿਬ ਤੋਂ ਚਾਲੀ ਕਿਲੋਮੀਟਰ ਦੂਰ ਹੈ ਅਤੇ ਉਹ ਬਹੁਤ ਸ਼ਰਧਾ ਨਾਲ ਕਰਤਾਰਪੁਰ ਸਾਹਿਬ ਅਕਸਰ ਆਉਂਦੇ ਰਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਵੀ ਹਨ ਇਸ ਕਰਕੇ ਇੱਥੇ ਆ ਕੇ ਦੁਆ ਮੰਗੀ ਦੀ ਏ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਣੀ ਇਸ ਸਾਂਝੀ ਥਾਂ 'ਤੇ ਮੁਹੱਬਤੀ ਸਾਂਝਾਂ ਹੋਰ ਗੂੜ੍ਹੀਆਂ ਹੋਣਗੀਆਂ ਅਤੇ ਇਹ ਮੇਰਾ ਯਕੀਨ ਹੈ ਕਿ ਹੁਣ ਜੰਮੂ ਤੋਂ ਲੈ ਕੇ ਰਾਜਸਥਾਨ ਤੱਕ ਪੰਜਾਬ ਸਰਹੱਦ ਤੇ ਕਦੀ ਜੰਗ ਦਾ ਅੰਦੇਸ਼ਾ ਨਹੀਂ ਬਣੇਗਾ।

ਪਿੰਡੋਂ ਚੜ੍ਹਦੀ ਨੁੱਕਰ ਦੇ ਵਿਚ
ਮੇਰੇ ਪਿੰਡ ਦੇ ਦਾਇਰੇ ਅੰਦਰ
ਵੱਡੇ-ਵੱਡੇ ਟਾਹਣਾਂ ਵਾਲਾ
ਲੰਮੀਆਂ-ਲੰਮੀਆਂ ਦਾਹੜਾਂ ਵਾਲਾ
ਮੇਰੇ ਪੜ੍ਹਦਾਦੇ ਦਾ ਹਾਣੀ
ਬੋਹੜ ਪਿਆ ਅੱਜ ਕੂਕਾਂ ਮਾਰੇ।

ਕਰਤਾਰਪੁਰ ਸਾਹਿਬ ਦੇ ਨਾਲ ਹੀ ਪਿੰਡ ਦੋਦਾ ਹੈ । ਇੱਥੋਂ ਦੇ ਦੋਦਾ ਭਰਾਵਾਂ ਨੇ ਹੀ ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਵਸਾਉਣ ਲਈ ਆਪਣੀ ਜ਼ਮੀਨ ਦਿੱਤੀ ਸੀ । ਇਸੇ ਪਿੰਡ ਦੇ ਨਾਲ ਹੀ ਪਿੰਡ ਗਨਗਰਾਂ ਹੈ । ਸਿਹਤ ਮਹਿਕਮੇ ਤੋਂ ਸੇਵਾ ਮੁਕਤ ਹੋਏ ਕਵੀ ਏਜੀ ਖਾਨ ਹਨ । ਏਜੀ ਖਾਨ ਵੀ ਆਪਣੀਆਂ ਕਵਿਤਾਵਾਂ ਦੇ ਮਾਰਫਤ ਸਾਂਝਾ ਪੰਜਾਬ,ਵੰਡ ਦਾ ਦਰਦ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿਫ਼ਤਾਂ ਸੁਣਾ ਰਹੇ ਸਨ । ਏਜੀ ਖ਼ਾਨ ਦਾ ਪਿਛਲਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਹਕੀਮਪੁਰ ਸੀ ਜਿੱਥੋਂ ਉਹ ਵੰਡ ਵੇਲੇ ਨਾਰੋਵਾਲ ਦੇ ਪਿੰਡ ਗਨਗਰਾਂ ਆਕੇ ਵੱਸੇ ।

ਪੱਛੋਂ ਵਾ ਵੱਗੀ ਬਿਨ ਪੁੱਛਿਆਂ ਤੇ ਪੁੱਜੀ ਬੀਕਾਨੇਰ
ਪੱਤ ਹਿਲਾਉਂਦੀ ਕਹਿ ਗਈ ਖਾਨਾ ਮੇਲ ਨਹੀਂ ਹੋਣੇ ਫੇਰ

ਏਜੀ ਖ਼ਾਨ ਕਰਤਾਰਪੁਰ ਸਾਹਿਬ ਬਾਰੇ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਕੋਈ ਵੇਲਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵੇਲੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਉਨ੍ਹਾਂ ਦੀ ਚਾਦਰ ਅੱਧੋ ਅੱਧ ਪਾੜ ਕੇ ਰੱਖ ਲਈ ਸੀ । ਇੰਝ ਲੱਗਦਾ ਹੈ ਕਿ ਜਿਵੇਂ ਉਸ ਵੇਲੇ ਦੀ ਨਾਸਮਝੀ ਦੀ ਸਾਨੂੰ ਬਦ ਦੁਆ ਮਿਲੀ ਹੋਵੇ। ਸਾਡੇ ਮਨ ਵਿੱਚ ਅੱਜ ਵੀ ਨਫ਼ਰਤਾਂ ਹਨ ਕਈ ਤਰ੍ਹਾਂ ਦੀਆਂ ਕੁੜੱਤਣਾਂ ਹਨ ਪਰ ਇਹ ਗੁਰੂ ਨਾਨਕ ਪਾਤਸ਼ਾਹ ਹਨ ਜਿਨ੍ਹਾਂ ਸੋਚਿਆ ਕਿ ਮੇਰੇ ਬੱਚੇ ਤਾਂ ਅੱਜ ਵੀ ਸਿਆਣੇ ਨਹੀਂ ਹਨ ਚਲੋ ਮੈਂ ਹੀ ਕੋਈ ਬਹਾਨਾ ਬਣਾ ਦਿੰਦਾ ਹਾਂ ਅਤੇ ਉਨ੍ਹਾਂ ਨੇ ਸਾਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਦਿੱਤਾ।

ਏਜੀ ਖਾਨ ਕਹਿੰਦੇ ਹਨ ਕਿ ਸਾਡਾ ਰਿਸ਼ਤਾ ਤਾਂ ਮੀਮ ਅਤੇ ਨੂਨ ਦਾ ਹੈ। ਸਾਡਾ ਮੱਕਾ ਮਦੀਨਾ ਅਤੇ ਅਸੀਂ 'ਮ' ਤੋਂ ਮੁਸਲਮਾਨ ਅਤੇ ਤੁਸੀਂ ਨਾਨਕ, ਨਨਕਾਣਾ ਅਤੇ 'ਨ' ਤੋਂ ਆਪਣਾ ਕਰਤਾਰਪੁਰ ਸਾਹਿਬ ਦਾ ਬਾਬਾ ਨੂਰਾਂ ਦਾ ਵਸਾਇਆ ਹੋਇਆ ਇਹ ਨਾਰੋਵਾਲ ! ਏਜੀ ਖਾਨ ਹਰ ਮਿਲਣ ਵਾਲੇ ਨੂੰ ਪੁੱਤਰ ਕਹਿ ਕੇ ਸੰਬੋਧਿਤ ਹੁੰਦੇ ਹਨ ਅਤੇ ਜੱਫੀ ਪਾ ਕੇ ਮਿਲਦੇ ਹਨ। ਉਹ ਗੁਰੂ ਨਾਨਕ ਪਾਤਸ਼ਾਹ ਦੀ ਸਿਫ਼ਤ ਵਿੱਚ ਕਵਿਤਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਆਓ ਮੁਹੱਬਤਾਂ ਨੂੰ ਹੋਰ ਗੂੜ੍ਹਾ ਕਰੀਏ।

ਮੁਸਲਿਮ ਸਿੱਖਾਂ ਸਾਂਝੀ ਹਸਤੀ ਦੋਵਾਂ ਦੇ ਵਿਚਕਾਰ
ਨਾਨਕ ਦੀ ਸੀ ਇੱਛਾ ਜੱਗ ਵਿੱਚ ਖਲਕਤ ਨਾਲ ਪਿਆਰ
ਨਾਨਕ ਅਮਨ ਸੰਦੇਸ਼ਾਂ ਖਾਨਾ ਨਾਲੇ ਫੁੱਲਾਂ ਹਾਰ

ਏਜੀ ਖਾਨ ਚੜ੍ਹਦੇ ਪੰਜਾਬ ਤੋਂ ਆਏ ਹੋਏ ਪੰਜਾਬੀਆਂ ਨੂੰ ਵੇਖ ਕੇ ਖੁਸ਼ ਹੁੰਦੇ ਹਨ ਪਰ ਉਨ੍ਹਾਂ ਦੇ ਮਨ 'ਚ ਆਪਣੇ ਗੁਰਦਾਸਪੁਰ ਦੇ ਪਿੰਡ ਹਕੀਮਪੁਰ ਜਾਣ ਦੀ ਇੱਛਾ ਹੈ। ਏਜੀ ਖਾਨ ਹੱਸਦੇ ਹੋਏ ਕਹਿੰਦੇ ਹਨ ਕਿ ਸਰਦਾਰ ਜੀ ਪੰਜਾਬੀ ਇਕੱਠੇ 4 ਹੁੰਦੇ ਹਨ ਅਤੇ ਸੋਚਾਂ 6 ਹੁੰਦੀਆਂ ਹਨ। ਸਾਡੇ ਸੁਭਾਅ ਦੀ ਇਹੋ ਬਰਕਤ ਹੈ। ਕਰਤਾਰਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦਾ ਝਲਕਾਰਾ ਦੋਹਾਂ ਪੰਜਾਬਾਂ ਦੇ ਆਪਸੀ ਮੇਲ ਅਤੇ ਗਲਵੱਕੜੀਆਂ 'ਚ ਸਹਿਜੇ ਮਹਿਸੂਸ ਹੁੰਦਾ ਹੈ। ਭਾਰਤ ਤੇ ਪਾਕਿ ਦੇ ਲੋਕ ਆਪਸ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਮੋਦੀ ਦਾ ਧੰਨਵਾਦ ਕਰਦੇ ਇਕ ਦੂਜੇ ਨੂੰ ਮਿਲਦੇ ਹਨ। ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਸ਼ਰਧਾ ਨਾਲ ਮੱਥਾ ਟੇਕਦੀਆਂ ਹੋਈਆਂ ਇਕ ਦੂਜੇ ਨਾਲ ਫੋਟੋਆਂ ਖਿਚਵਾਉਂਦੀਆਂ ਹਨ। ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਗੱਲਾਂ 'ਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਬਹੁਤ ਨਿੱਘ ਨਾਲ ਆਉਂਦਾ ਹੈ।

rajwinder kaur

This news is Content Editor rajwinder kaur