ਕਰਤਾਰਪੁਰ ਸਾਹਿਬ (ਪਾਕਿ) ਵਿਖੇ ਡੇਰਾ ਕਾਰ ਸੇਵਾ ਤਰਨਤਾਰਨ ਵਲੋਂ ਸੋਨੇ ਦੀ ਪਾਲਕੀ ਸਾਹਿਬ ਕੀਤੀ ਜਾਵੇਗੀ ਸੁਸ਼ੋਭਿਤ

10/11/2019 1:19:47 AM

ਤਰਨਤਾਰਨ,(ਰਾਜੂ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਡੇਰਾ ਕਾਰ ਸੇਵਾ ਤਰਨਤਾਰਨ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਅਗਵਾਈ ਹੇਠ ਕਰੋੜਾਂ ਰੁਪਏ ਦੀ ਕੀਮਤ ਵਾਲੀ ਸੋਨੇ ਦੀ ਪਾਲਕੀ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸੁਸ਼ੋਭਿਤ ਕੀਤੀ ਜਾਵੇਗੀ। ਇਸ ਪਾਲਕੀ ਸਾਹਿਬ ਨੂੰ ਤਿਆਰ ਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਡੇਰਾ ਕਾਰ ਸੇਵਾ ਤਰਨਤਾਰਨ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਵਲੋਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ '550 ਸਾਲ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨਾਲ' ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਇਸ ਨਗਰ ਕੀਰਤਨ ਦੀ ਅਗਵਾਈ ਸੋਨੇ ਦੀ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰੇ ਕਰਨਗੇ। ਤਰਨਤਾਰਨ ਤੋਂ ਆਰੰਭ ਹੋ ਕੇ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਵੇਗਾ ਅਤੇ ਉੱਥੇ ਇਹ ਬਹੁ ਕੀਮਤੀ ਪਾਲਕੀ ਸਾਹਿਬ ਨੂੰ ਸੁਸ਼ੋਭਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੋਨੇ ਦੀ ਪਾਲਕੀ ਸਾਹਿਬ ਨੂੰ ਤਿਆਰ ਕਰਨ ਲਈ ਬਨਾਰਸ ਅਤੇ ਅੰਮ੍ਰਿਤਸਰ ਤੋਂ ਵਿਸ਼ੇਸ਼ ਕਾਰੀਗਰ ਬੁਲਾਏ ਗਏ ਹਨ। ਪਹਿਲਾਂ ਕੀਮਤੀ ਲੱਕੜ ਨਾਲ ਢਾਂਚਾ ਤਿਆਰ ਕਰਨ ਤੋਂ ਬਾਅਦ ਇਸ 'ਤੇ ਤਾਂਬੇ ਦੀ ਪਰਤ ਚੜ੍ਹਾਈ ਜਾਵੇਗੀ ਅਤੇ ਫਿਰ ਸੋਨੇ ਦੀਆਂ ਪਰਤਾਂ ਚੜ੍ਹਾ ਕੇ ਸੁੰਦਰ ਡਿਜ਼ਾਈਨ ਬਣਾਏ ਜਾਣਗੇ। ਸੋਨੇ ਦੀ ਪਾਲਕੀ ਸਾਹਿਬ ਤਿਆਰ ਕਰਨ 'ਤੇ ਕਰੀਬ 5-6 ਕਿਲੋਗ੍ਰਾਮ ਸੋਨਾ ਲੱਗੇਗਾ, ਜਿਸ ਦੀ ਕੀਮਤ ਕਰੋੜਾਂ ਰੁਪਏ 'ਚ ਹੋਵੇਗੀ। ਸੰਤੋਸ਼ ਕੁਮਾਰ ਦੀ ਅਗਵਾਈ ਹੇਠ ਕਾਰੀਗਰ ਸੋਨੇ ਦੀ ਪਾਲਕੀ ਸਾਹਿਬ ਨੂੰ ਤਿਆਰ ਕਰਨ 'ਚ ਲੱਗੇ ਹੋਏ ਹਨ ਅਤੇ ਉਮੀਦ ਹੈ ਕਿ 20 ਅਕਤੂਬਰ ਤੱਕ ਇਹ ਸੋਨੇ ਦੀ ਪਾਲਕੀ ਸਾਹਿਬ ਤਿਆਰ ਹੋ ਜਾਵੇਗੀ। ਇਸ ਸਬੰਧੀ ਨਗਰ ਕੀਰਤਨ ਲਈ ਨਵੀਂ ਬੱਸ ਵੀ ਤਿਆਰ ਕਰਵਾ ਲਈ ਗਈ ਹੈ ਅਤੇ ਨਵੰਬਰ ਮਹੀਨੇ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਨੂੰ ਲੈ ਕੇ ਇਲਾਕੇ ਭਰ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਐੱਨ. ਆਰ. ਆਈ. ਸੰਗਤਾਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।