ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ ਪਾਕਿ ਨੇ ''ਚੋਰੀ ਛੁਪੇ ਹੜੱਪ ਲਈ'' : ਭਾਰਤੀ ਬੁਲਾਰਾ

03/15/2019 11:58:44 PM

ਅੰਮ੍ਰਿਤਸਰ/ਨਵੀਂ ਦਿੱਲੀ, (ਭਾਸ਼ਾ) : ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਗਲਿਆਰਾ ਵਿਕਸਤ ਕਰਨ ਦੇ ਨਾਂ 'ਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਚੋਰੀ ਛੁਪੇ ਹੜੱਪ' ਲਈ ਹੈ। ਇਸ ਪ੍ਰਾਜੈਕਟ ਲਈ ਭਾਰਤ ਦੇ ਜ਼ਿਆਦਾਤਰ ਪ੍ਰਸਤਾਵਾਂ 'ਤੇ ਇਤਰਾਜ਼ ਕੀਤਾ, ਜਿਹੜਾ ਕਿ ਉਸ ਦੇ ਦੋਹਰੇ ਮਾਪਦੰਡ ਦੀ ਨਿਸ਼ਾਨੀ ਹੈ। ਭਾਰਤੀ ਵਫਦ ਨੇ ਭਾਰਤ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਉਲਟ ਇਸ ਪਵਿੱਤਰ ਸਿੱਖ ਧਰਮ ਅਸਥਾਨ ਦੀ ਜ਼ਮੀਨ 'ਤੇ 'ਧੜੱਲੇ ਨਾਲ ਕੀਤੀ ਜਾ ਰਹੀ ਘੁਸਪੈਠ' ਦੇ ਖਿਲਾਫ ਸਖਤ ਰੋਸ ਦਰਜ ਕਰਵਾਇਆ। ਇਹ ਵਫਦ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਿੱਖ ਧਰਮ ਅਸਥਾਨ ਨਾਲ ਜੋੜਨ ਲਈ ਬਣਨ ਵਾਲੇ ਗਲਿਆਰੇ ਦੇ ਤੌਰ-ਤਰੀਕੇ ਨੂੰ ਅੰਤਿਮ ਰੂਪ ਦੇਣ ਲਈ ਵੀਰਵਾਰ ਨੂੰ ਪਹਿਲੀ ਭਾਰਤ-ਪਾਕਿਸਤਾਨ ਮੀਟਿੰਗ 'ਚ ਹਿੱਸਾ ਲੈ ਰਿਹਾ ਸੀ। ਮੀਟਿੰਗ 'ਚ ਹਿੱਸਾ ਲੈਣ ਵਾਲੇ ਇਕ ਸਰਕਾਰੀ ਅਧਿਕਾਰੀ ਨੇ ਕਿਹਾ 'ਪਾਕਿਸਤਾਨ ਝੂਠੇ ਵਾਅਦੇ ਅਤੇ ਉੱਚੇ ਦਾਅਵੇ ਕਰਨ ਅਤੇ ਜ਼ਮੀਨੀ ਪੱਧਰ 'ਤੇ ਕੁਝ ਨਾ ਕਰਨ ਦੀ ਆਪਣੇ ਪੁਰਾਣੇ ਅਕਸ 'ਤੇ ਖਰਾ ਉਤਰਿਆ ਹੈ। ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਉਸ ਦਾ ਦੋਹਰਾ ਮਾਪਦੰਡ ਵੀਰਵਾਰ ਨੂੰ ਉਸ ਦੀ ਪਹਿਲੀ ਮੀਟਿੰਗ 'ਚ ਵੀ ਬੇਨਕਾਬ ਹੋ ਗਿਆ।'
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਉਹ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਦਾਨ 'ਚ ਦਿੱਤੀ ਸੀ। ਅਧਿਕਾਰੀ ਨੇ ਕਿਹਾ ਕਿ ਗੁਰਦੁਆਰੇ ਦੀ ਜ਼ਮੀਨ ਪਾਕਿਸਤਾਨ ਸਰਕਾਰ ਨੇ ਗਲਿਆਰਾ ਵਿਕਸਿਤ ਕਰਨ ਦੇ ਨਾਂ 'ਤੇ ਹੜੱਪ ਲਈ ਹੈ। ਭਾਰਤ 'ਚ ਇਸ ਮੁੱਦੇ 'ਤੇ ਲੋਕਾਂ ਦੀਆਂ ਪ੍ਰਬਲ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਇਸ ਜ਼ਮੀਨ ਨੂੰ ਪਵਿੱਤਰ ਗੁਰਦੁਆਰੇ ਨੂੰ ਮੋੜੇ ਜਾਣ ਦੀ ਮੰਗ ਸਖਤੀ ਨਾਲ ਰੱਖੀ ਗਈ।

ਭਾਰਤ ਵਲੋਂ ਇਹ ਸਪੱਸ਼ਟ ਕਰਨ ਦੇ ਬਾਵਜੂਦ ਕਿ ਉਹ 190 ਕਰੋੜ ਰੁਪਏ ਖਰਚ ਕਰਕੇ ਸਰਹੱਦ 'ਤੇ ਸਥਾਈ ਅਤੇ ਸਮੁੱਚੀਆਂ ਸਹੂਲਤਾਂ ਦਾ ਨਿਰਮਾਣ ਕਰ ਰਿਹਾ ਹੈ, ਪਾਕਿਸਤਾਨ ਕਰਤਾਰਪੁਰ ਸਮਝੌਤੇ ਦੇ ਸਮੇਂ ਨੂੰ ਬੱਸ 2 ਸਾਲ ਤੱਕ ਲਈ ਸੀਮਤ ਕਰਨਾ ਚਾਹੁੰਦਾ ਹੈ। ਭਾਰਤ ਨੇ ਭਾਰਤੀ ਤੀਰਥ ਯਾਤਰੀਆਂ ਅਤੇ ਸ਼ਰਧਾਲੂਆਂ ਦੀ ਕਰਤਾਰਪੁਰ ਸਾਹਿਬ ਵਿਖੇ ਆਸਾਨ ਅਤੇ ਰੁਕਾਵਟ ਤੋਂ ਬਿਨਾਂ ਯਾਤਰਾ ਕਰਨ ਦੀ ਮੰਗ ਨੂੰ ਪੂਰਾ ਕਰਨ ਲਈ ਗੰਭੀਰ ਯਤਨ ਕੀਤੇ ਹਨ, ਜਦਕਿ ਪਾਕਿਸਤਾਨ ਨੇ ਉਸ ਦੀਆਂ ਤਜਵੀਜ਼ਾਂ 'ਤੇ ਠੰਡਾ ਪਾਣੀ ਪਾ ਦਿੱਤਾ ਹੈ।
ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਮੀਡੀਆ ਵਲੋਂ ਖੜ੍ਹੇ ਕੀਤੇ ਗਏ ਹਊਏ ਦਰਮਿਆਨ ਵਾਰਤਾ ਸਮੇਂ ਉਸ ਦੀ ਅਸਲੀ ਪੇਸ਼ਕਸ਼ ਹਾਸੋਹੀਣੀ ਅਤੇ ਸਿਰਫ ਰਸਮੀ ਸਾਬਤ ਹੋਈ। ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਨੇ ਜੋ ਵੀ ਕਿਹਾ ਹੈ ਅਤੇ ਅਟਾਰੀ ਦੀ ਮੀਟਿੰਗ 'ਚ ਪਾਕਿਸਤਾਨੀ ਟੀਮ ਨੇ ਜਿਹੜੀ ਪੇਸ਼ਕਸ਼ ਕੀਤੀ, ਦੋਹਾਂ ਦਰਮਿਆਨ ਜ਼ਮੀਨ-ਅਸਮਾਨ ਦਾ ਫਰਕ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਨੂੰ ਭਾਰਤੀ ਤੀਰਥ ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਦੀ ਅਸਾਨ ਯਾਤਰਾ ਮੁਹੱਈਆ ਕਰਵਾਉਣ 'ਚ ਦਿਲਚਸਪੀ ਨਹੀਂ ਹੈ।

ਅਧਿਕਾਰੀ ਨੇ ਕਿਹਾ ਕਿ ਜਿਥੇ ਭਾਰਤ ਰੋਜ਼ਾਨਾ 5000 ਤੀਰਥ ਯਾਤਰੀਆਂ ਅਤੇ ਵਿਸਾਖੀ ਵਰਗੇ ਖਾਸ ਮੌਕਿਆਂ 'ਤੇ 15000 ਤੀਰਥ ਯਾਤਰੀਆਂ ਦੇ ਆਉਣ ਨੂੰ ਧਿਆਨ 'ਚ ਰੱਖ ਕੇ ਸਭ ਸਹੂਲਤਾਂ ਬਣਾ ਰਿਹਾ ਹੈ, ਉਥੇ ਹੀ ਪਾਕਿਸਤਾਨ ਨੇ ਤੀਰਥ ਯਾਤਰੀਆਂ ਦੀ ਗਿਣਤੀ ਰੋਜ਼ਾਨਾ 700 ਸੀਮਤ ਕਰ ਦਿੱਤੀ ਹੈ। ਪਾਕਿਸਤਾਨ ਉਸ ਵਲੋਂ ਨਿਰਧਾਰਤ ਯਾਤਰਾ ਦੇ ਬਿਨਾਂ ਅਤੇ ਉਹ ਵੀ ਯਾਤਰੀਆਂ ਦੇ ਪੈਦਲ ਨਹੀਂ ਸਗੋਂ ਮੋਟਰ ਗੱਡੀਆਂ 'ਤੇ ਜਾਣ ਲਈ ਜ਼ੋਰ ਦੇ ਰਿਹਾ ਹੈ। ਪਹਿਲਾਂ ਤਾਂ ਉਸ ਨੇ ਕਰਤਾਰਪੁਰ ਸਾਹਿਬ ਲਈ ਵੀਜ਼ਾ ਮੁਕਤ ਤੀਰਥ ਯਾਤਰਾ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਸ ਨੇ ਟੈਕਸ ਲੈ ਕੇ ਤੀਰਥ ਯਾਤਰੀਆਂ ਨੂੰ ਵਿਸ਼ੇਸ਼ ਪਰਮਿਟ ਦੇਣ ਦੀ ਸ਼ਰਤ ਰੱਖ ਦਿੱਤੀ ਹੈ। ਇਸ ਤਰ੍ਹਾਂ ਕਈ ਹੋਰ ਸ਼ਰਤਾਂ ਵੀ ਉਸ ਨੇ ਰੱਖੀਆਂ ਹਨ।

Deepak Kumar

This news is Content Editor Deepak Kumar