ਕੈਪਟਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਚੱਲ ਰਹੇ ਉਸਾਰੀ ਕੰਮ ਦਾ ਲਿਆ ਜਾਇਜ਼ਾ

09/19/2019 7:24:56 PM

ਜਲੰਧਰ/ਡੇਰਾ ਬਾਬਾ ਨਾਨਕ,(ਧਵਨ, ਵਤਨ, ਕੰਵਲਜੀਤ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ 'ਚ ਹੁਣ ਕਿਉਂਕਿ ਦੋ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਉਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ 'ਚ ਸ੍ਰੀ ਕਰਤਾਰਪੁਰ ਲਾਂਘੇ ਬਾਰੇ ਚੱਲ ਰਹੇ ਉਸਾਰੀ ਕੰਮ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਇਸ ਮੌਕੇ ਇਤਿਹਾਸਕ ਸਮਾਗਮ ਨੂੰ ਧਿਆਨ 'ਚ ਰੱਖਦੇ ਹੋਏ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ 75.23 ਕਰੋੜ ਦੀ ਰਕਮ ਦੀ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਉਸਾਰੀ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਹੈਰੀਟੇਜ ਸਟ੍ਰੀਟ ਤੇ ਫੂਡ ਸਟ੍ਰੀਟ ਬਣਾਉਣ ਲਈ 3.70 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਅਤੇ ਨਾਲ ਹੀ ਸਭਨਾਂ ਵਿਭਾਗਾਂ ਨੂੰ ਪ੍ਰਕਾਸ਼ ਉਤਸਵ ਨਾਲ ਸਬੰਧਤ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਭਾਰਤ ਪਾਕਿਸਤਾਨ ਸਰਹੱਦ ਨੇੜੇ ਏਕੀਕ੍ਰਿਤ ਚੈੱਕ ਪੋਸਟ 'ਤੇ ਵੀ ਗਏ ਤੇ ਉੱਥੇ ਕੰਮ ਕਰ ਰਹੇ ਉਸਾਰੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਆਈ. ਸੀ. ਪੀ. 'ਤੇ ਬਣਨ ਵਾਲੇ ਮੁਸਾਫ਼ਰ ਟਰਮੀਨਲ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ, ਜਿਸ ਦੀ ਸਮਰੱਥਾ 5000 ਤੋਂ 10000 ਵਿਚਕਾਰ ਹੋਵੇਗੀ ਤੇ ਇਥੇ ਅਤਿਅੰਤ ਆਧੁਨਿਕ ਸਹੂਲਤਾਂ ਵੀ ਮੁਹੱਈਆ ਕਰਾਈਆਂ ਜਾਣਗੀਆਂ।

ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੈ, ਇਸ ਲਈ ਇਸ ਪਵਿੱਤਰ ਨਗਰੀ ਦਾ ਵਿਕਾਸ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਖ਼ਤ ਲਿਖ ਕੇ ਕਿਹਾ ਹੈ ਕਿ ਸੁਲਤਾਨਪੁਰ ਲੋਧੀ-ਬਿਆਸ-ਬਟਾਲਾ-ਡੇਰਾ ਬਾਬਾ ਨਾਨਕ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਰੱਖਿਆ ਜਾਵੇ। ਬਿਜਲੀ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਹਦਾਇਤਾਂ ਦਿੱਤੀਆਂ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲੇ ਰਸਤਿਆਂ 'ਤੇ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕੀਤਾ ਜਾਵੇ। ਉਨ੍ਹਾਂ ਨੇ ਸਿਹਤ ਮੰਤਰੀ ਨੂੰ ਕਿਹਾ ਕਿ ਸਿਹਤ ਸੰਭਾਲ ਬਾਰੇ ਵਿਆਪਕ ਯੋਜਨਾਵਾਂ ਬਣਾਉਣ, ਜਿੱਥੇ ਹੰਗਾਮੀ ਸਹੂਲਤਾਂ ਸ਼ਰਧਾਲੂਆਂ ਲਈ ਉਪਲੱਬਧ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਉਤਸਵ 'ਤੇ ਲੱਖਾਂ ਲੋਕਾਂ ਨੇ ਆਉਣਾ ਹੈ।

ਮੁੱਖ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਮੁੱਖ ਸਕੱਤਰ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਲੰਡਨ ਤੇ ਯੂਰਪੀ ਦੇਸ਼ਾਂ ਤੋਂ ਅੰਮ੍ਰਿਤਸਰ ਲਈ ਵਿਸ਼ੇਸ਼ ਚਾਰਟਰਡ ਉਡਾਣਾਂ ਦਾ ਪ੍ਰਬੰਧ ਕਰਨ ਕਿਉਂਕਿ ਉੱਥੋਂ ਸ਼ਰਧਾਲੂਆਂ ਨੇ ਪ੍ਰਕਾਸ਼ ਉਤਸਵ 'ਤੇ ਪੰਜਾਬ ਆਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਲਤਾਨਪੁਰ ਲੋਧੀ, ਬਟਾਲਾ ਅਤੇ ਗੁਰਦਾਸਪੁਰ ਲਈ 450 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ ਦੇਖਦਿਆਂ ਅਧਿਕਾਰੀਆਂ ਨੂੰ ਸਭਨਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਹੋਵੇਗਾ। ਮੁੱਖ ਮੰਤਰੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ, ਓ.ਪੀ.ਸੋਨੀ ਤੋਂ ਇਲਾਵਾ ਮੁਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ, ਮੁਖ ਸਕੱਤਰ ਤੇਜਵੀਰ ਸਿੰਘ, ਗ੍ਰਹਿ ਸਕੱਤਰ ਸਤੀਸ਼ ਚੰਦਰਾ, ਵਿੰਨੀ ਮਹਾਜਨ ਅਤੇ ਹੋਰ ਅਧਿਕਾਰੀ ਵੀ ਸਨ।