ਕਰਤਾਰਪੁਰ ਥਾਣੇ ''ਚ ਭਿੜੇ ਪੁਲਸ ਮੁਲਾਜ਼ਮ, ਇਕ ਜ਼ਖਮੀ

07/13/2019 12:43:39 AM

ਕਰਤਾਰਪੁਰ,(ਸਾਹਨੀ): ਸ਼ਹਿਰ 'ਚ ਕਰਤਾਰਪੁਰ ਥਾਣੇ 'ਚ ਪੁਲਸ ਮੁਲਾਜ਼ਮ ਆਪਸ 'ਚ ਭਿੜ ਪਏ, ਜਿਸ ਦੌਰਾਨ ਇਕ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਕਾਂਸਟੇਬਲ ਕੁਲਦੀਪ ਸਿੰਘ ਜੋ ਕਿ ਛੋਟੇ ਮੁਨਸ਼ੀ ਦੇ ਅਹੁਦੇ 'ਤੇ ਤਾਇਨਾਤ ਹੈ, ਉੱਪਰ ਇਸੇ ਰੈਂਕ ਦੇ ਕਾਂਸਟੇਬਲ ਨਵਨੀਤ ਸਿੰਘ ਤੇ ਖੁਸ਼ਵੰਤ ਸਿੰਘ ਵਲੋਂ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਨਾਲ ਛੋਟੇ ਮੁਨਸ਼ੀ ਕੁਲਦੀਪ ਸਿੰਘ ਪੁੱਤਰ ਰਾਜ ਕੁਮਾਰ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਵੀ ਕਰਵਾਇਆ ਗਿਆ। ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਕੁਲਦੀਪ ਸਿੰਘ ਵਲੋਂ ਸਬੰਧਤ ਮਾਮਲੇ ਦੀ ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਸਬੰਧੀ ਅੱਜ ਹੀ ਕਰਤਾਰਪੁਰ ਥਾਣੇ ਦਾ ਚਾਰਜ ਲੈਣ ਵਾਲੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਗਰਮਾਇਆ ਉਹ ਜੀ. ਟੀ. ਰੋਡ 'ਤੇ ਚੈਕਿੰਗ 'ਤੇ ਸਨ ਅਤੇ ਜਾਣਕਾਰੀ ਮਿਲਦਿਆਂ ਹੀ ਥਾਣੇ ਪੁੱਜੇ। ਉਨ੍ਹਾਂ ਦੱਸਿਆ ਕਿ ਅੱਜੇ ਤੱਕ ਕਿਸੇ ਵੀ ਧਿਰ ਵਲੋਂ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਪਰ ਉਨ੍ਹਾਂ ਮੁਢਲੀ ਕਾਰਵਾਈ ਕਰਦਿਆਂ ਕਾਂਸਟੇਬਲ ਨਵਨੀਤ ਸਿੰਘ ਤੇ ਖੁਸ਼ਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਮਾਮਲਾ ਲਿਆਂਦਾ ਗਿਆ ਹੈ।