ਟਰੇਨ ''ਚੋਂ ਸੁੱਟੇ ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਕਰਤਾਰਪੁਰ ਪੁਲਸ ਦੇ ਹੱਥ-ਪੈਰ ਫੁੱਲੇ

10/20/2019 10:58:05 AM

ਕਰਤਾਰਪੁਰ (ਸਾਹਨੀ)—  ਬੀਤੀ ਸ਼ਾਮ ਪੁਲਸ ਕੰਟਰੋਲ ਰੂਮ 'ਚ 112 ਨੰਬਰ 'ਤੇ ਇਕ ਦੇਸ਼ ਭਗਤ ਵੱਲੋਂ ਰੇਲ ਗੱਡੀ 'ਚੋਂ ਦੋ ਲੰਬੇ ਕੱਦ ਦੇ ਕੇਸਧਾਰੀ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਭਰੇ ਤਿੰਨ ਬੈਗ ਰੇਲਵੇ ਟਰੈਕ ਦੇ ਨਾਲ ਝਾੜੀਆਂ 'ਚ ਸੁੱਟਣ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਹੱਥ-ਪੈਰ ਫੁੱਲ ਗਏ। ਕੁਝ ਹੀ ਸਮੇਂ 'ਚ ਪੁੱਜੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਕਰੀਬ ਦੋ ਘੰਟੇ ਲਗਾਤਾਰ ਸਰਚ ਮੁਹਿੰਮ ਚਲਾਈ ਅਤੇ ਹਰ ਪਹਿਲੂ 'ਤੇ ਜਾਂਚ ਵੀ ਕੀਤੀ ਪਰ ਦੇਰ ਰਾਤ ਤੱਕ ਵੀ ਪੁਲਸ ਨੂੰ ਕੁਝ ਨਹੀਂ ਮਿਲਿਆ। ਪੁਲਸ ਵੱਲੋਂ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਸਰਚ ਮੁਹਿੰਮ ਸਾਰੀ ਚੱਲੀ।

ਮੌਕੇ 'ਤੇ ਹਾਜ਼ਰ ਡੀ. ਐੱਸ. ਪੀ. ਸੁਰਿੰਦਰਪਾਲ ਸਿੰਘ ਧੋਗੜੀ, ਥਾਣਾ ਮੁਖੀ ਰਜੀਵ ਕੁਮਾਰ ਨੇ ਦੱਸਿਆ ਕਿ ਸ਼ਾਮ ਸਾਡੇ ਪੰਜ ਵਜੇ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਡੀ. ਐੱਮ. ਯੂ. ਗੱਡੀ ਨੰ. 74643 ਕਰਤਾਰਪੁਰ ਆ ਰਹੀ ਸੀ ਕਿ ਪਲੇਟਫਾਰਮ ਤੋਂ ਕਰੀਬ 500 ਮੀਟਰ ਦੂਰ ਅਣਪਛਾਤੇ ਕੇਸਧਾਰੀ ਦੋ ਲੰਬੇ ਉੱਚੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਤਿੰਨ ਬੈਗ ਜਿਸ 'ਚ ਹਥਿਆਰ ਸਨ, ਰੇਲਵੇ ਟਰੈਕ ਨਾਲ ਝਾੜੀਆਂ ਵਿਚ ਸੁੱਟ ਦਿੱਤੇ ਅਤੇ ਗੱਡੀ ਦੇ ਕਰਤਾਰਪੁਰ ਰੁਕਦਿਆਂ ਹੀ ਦੋਵੇਂ ਵਿਅਕਤੀ ਉਤਰ ਗਏ। ਉਨ੍ਹਾਂ ਦੇ ਉਤਰਦੇ ਹੀ ਅਤੇ ਗੱਡੀ ਦੇ ਚੱਲਦਿਆਂ ਹੀ ਇਕ ਦੇਸ਼ ਭਗਤ ਯਾਤਰੀ ਨੇ ਪੁਲਸ ਕੰਟਰੋਲ ਰੂਮ 'ਚ ਸੂਚਨਾ ਦੇ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਛਾਣਬੀਣ ਤਾਂ ਕੀਤੀ ਪਰ ਦੇਰ ਰਾਤ ਤੱਕ ਵੀ ਕੋਈ ਬੈਗ ਅਤੇ ਹਥਿਆਰ ਨਹੀਂ ਮਿਲੇ। ਡੀ. ਐੱਸ. ਪੀ. ਸੁਰਿੰਦਰ ਪਾਲ ਨੇ ਦੱਸਿਆ ਕਿ ਕਰਤਾਰਪੁਰ, ਮਕਸੂਦਾਂ, ਲਾਂਬੜਾ ਅਤੇ ਰੇਲਵੇ ਪੁਲਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੀ. ਐੱਮ. ਯੂ. ਨੰ. 74936 ਫਿਰੋਜ਼ਪੁਰ ਤੋਂ ਦਪਹਿਰ 1 ਵਜ ਕੇ 20 ਮਿੰਟ 'ਤੇ ਜਲੰਧਰ ਲਈ ਚੱਲਦੀ ਹੈ ਅਤੇ ਇਹੋ ਗੱਡੀ ਦਾ ਨੰਬਰ ਬਦਲ ਕੇ 10 ਮਿੰਟ ਦੇ ਠਹਿਰਾਅ ਤੋਂ ਬਾਅਦ ਜਲੰਧਰ ਤੋਂ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ। ਹੋ ਸਕਦਾ ਹੈ ਕਿ ਦੋਵੇਂ ਨੌਜਵਾਨ ਫਿਰੋਜ਼ਪੁਰ ਤੋਂ ਆਏ ਹੋਣ। ਪੁਲਸ ਨੂੰ ਅਜੇ ਤੱਕ ਕੋਈ ਵੀ ਅਪਡੇਟ ਜਾਂ ਸੁਰਾਗ ਨਹੀਂ ਮਿਲਿਆ ਹੈ। ਬਹਿਰਹਾਲ ਦੇਸ਼ ਭਗਤ ਯਾਤਰੀ ਦੀ ਸੂਚਨਾ ਪੁਲਸ ਨੂੰ ਮਿਲ ਗਈ ਹੈ ਅਤੇ ਦੇਸ਼ ਭਗਤ ਯਾਤਰੀ ਪੁਲਸ ਨੂੰ ਸਹਿਯੋਗ ਦੇਣ ਲਈ ਵੀ ਤਿਆਰ ਹੈ। ਪੁਲਸ ਮਾਮਲੇ ਸਬੰਧੀ ਇਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇਗੀ ਅਤੇ ਹੋਰ ਜਾਣਕਾਰੀ ਵੀ ਇਕੱਤਰ ਕੀਤੀ ਜਾਵੇਗੀ। ਇਥੇ ਇਹ ਵੀ ਵਰਣਨਯੋਗ ਹੈ ਕਿ ਰੇਲਵੇ ਪਲੇਟਫਾਰਮ 'ਤੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਹੈ। ਪੁਲਸ ਮੁਸਤੈਦੀ ਨਾਲ ਤਾਇਨਾਤ ਹੈ ਅਤੇ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ।

shivani attri

This news is Content Editor shivani attri