ਘੋਰ ਕਲਯੁੱਗ : ਪੁੱਤ ਹੀ ਨਿਕਲਿਆ ਬਜ਼ੁਰਗ ਪਿਓ ਦਾ ਕਾਤਲ

01/05/2019 4:54:12 PM

ਕਰਤਾਰਪੁਰ (ਸਾਹਨੀ) : ਬੀਤੀ 22 ਦਸੰਬਰ ਦੀ ਰਾਤ ਨੂੰ ਇਲਾਕੇ ਦੇ ਪਿੰਡ  ਧੀਰਪੁਰ ਦੇ ਬਾਹਰ ਡੇਰੇ 'ਤੇ ਰਹਿੰਦੇ ਇਕ ਪਰਿਵਾਰ 'ਤੇ ਅਣਪਛਾਤਿਆ ਵਲੋਂ ਹਮਲਾ ਕਰ ਕੇ ਬਜ਼ੁਰਗ ਨੂੰ ਜਾਨੋਂ ਮਾਰਨ ਦੀ ਵਾਰਦਾਤ ਨੂੰ ਟਰੇਸ ਕਰਦਿਆਂ ਅੱਜ ਪੁਲਸ ਨੇ ਬਜ਼ੁਰਗ ਦੇ ਨੌਜਵਾਨ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਇਕ ਪ੍ਰੈੱਸ ਕਾਨਫੰਰਸ ਰਾਹੀਂ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਦਿੱਗਵਿਜੈ ਕਪਿਲ ਦੀ ਅਗਵਾਈ ਵਿਚ ਥਾਣਾ ਮੁਖੀ ਰਾਜੀਵ ਕੁਮਾਰ ਨੇ ਬੀਤੀ 22 ਦਸੰਬਰ ਨੂੰ ਕਤਲ ਕੇਸ ਦੇ ਮੁੱਖ ਦੋਸ਼ੀ ਰਣਜੀਤ ਸਿੰਘ ਪੁੱਤਰ ਦਲਜੀਤ ਸਿੰਘ ਨੂੰ ਬੀਤੀ ਸ਼ਾਮ ਧੀਰਪੁਰ ਮੱਲੀਆਂ ਰੋਡ ਤੋਂ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਵਲੋਂ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਗਿਆ ਸੀ ਕਿ ਕੁਝ ਅਣਪਛਾਤਿਆਂ ਨੇ ਘਰ ਜਬਰੀ ਦਾਖਲ ਕੇ ਮੇਰੀ ਮਾਤਾ ਤੇ ਮੈਨੂੰ ਘਰ ਦੇ ਇਕ ਕਮਰੇ ਵਿਚ ਬੰਧਕ ਬਣਾ ਕੇ ਰੱਖਿਆ ਅਤੇ ਉਨ੍ਹਾਂ ਕੋਲ 2 ਨਕਾਬਪੋਸ਼ ਬੈਠ ਗਏ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਵਾਜ਼ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਵੀ ਲੈ ਲਏ। ਵਾਰਦਾਤ ਦੌਰਾਨ ਘਰ ਅੰਦਰ ਬਰਾਂਡੇ ਵਿਚ ਹੀ ਸੁੱਤੇ ਪਏ ਦਲਜੀਤ ਸਿੰਘ (54) 'ਤੇ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕਰ  ਕੇ  ਮਾਰ ਦਿੱਤਾ ਅਤੇ ਕਾਤਲ ਸਵੇਰੇ ਕਰੀਬ ਪੌਣੇ ਤਿੰਨ ਵਜੇ ਘਰੋਂ ਗਏ। ਉਨ੍ਹਾਂ ਦੇ ਜਾਣ ਮਗਰੋਂ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਪੁਲਸ ਨੂੰ ਸੂਚਿਤ ਕੀਤਾ।
ਇਸ ਵਾਰਦਾਤ ਸਬੰਧੀ ਪੁਲਸ ਵਲੋਂ ਕੀਤੀ ਛਾਣਬੀਣ ਵਿਚ ਰਣਜੀਤ ਸਿੰਘ ਦਾ ਦਿੱਤਾ ਬਿਆਨ ਝੂਠਾ ਨਿਕਲਿਆ ਅਤੇ ਮੁਢਲੀ ਪੁਛਗਿੱਛ ਵਿਚ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਦਲਜੀਤ ਸਿੰਘ ਸ਼ਰਾਬੀ ਸੀ ਅਤੇ ਰੋਜ਼ ਉਸ ਨਾਲ ਲੜਾਈ ਕਰਦਾ ਸੀ ਅਤੇ ਰੋਜ਼ਾਨਾ ਦੀ ਲੜਾਈ ਤੋਂ ਤੰਗ ਆ ਕੇ ਉਸ ਨੇ  22 ਦਸੰਬਰ ਦੀ ਰਾਤ ਨੂੰ ਸੁੱਤੇ ਪਏ ਆਪਣੇ ਪਿਤਾ  ਦੇ ਸਿਰ 'ਤੇ ਦਾਤਰ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਇਹ ਕਹਾਣੀ ਬਣਾ ਲਈ। ਦੋਸ਼ੀ ਤੋਂ ਹੋਰ  ਪੁੱਛਗਿੱਛ ਲਈ ਪੁਲਸ ਵਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ।

Baljeet Kaur

This news is Content Editor Baljeet Kaur