ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਮਜੀਠੀਆ ਦੀ ਭਾਰਤ ਸਰਕਾਰ ਨੂੰ ਅਪੀਲ

10/08/2020 6:08:12 PM

ਡੇਰਾ ਬਾਬਾ ਨਾਨਕ (ਵਤਨ): ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਕਸਬੇ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੇ ਬਣੇ ਆਰਜੀ ਕਰਤਾਰਪੁਰ ਦਰਸ਼ਨ ਸਥੱਲ ਨੇੜੇ ਪਹੁੰਚ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਰਦਾਸ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਵਲੋਂ ਵੀ ਹਰ ਤਰ੍ਹਾਂ ਦੇ ਗੁਰਧਾਮ ਸੰਗਤਾਂ ਲਈ ਦਰਸ਼ਨਾਂ ਵਾਸਤੇ ਖੋਲ੍ਹ ਦਿੱਤੇ ਗਏ ਹਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਅੱਜ ਇਸ ਗੁਰਧਾਮ ਨੂੰ ਖੋਲ੍ਹਣ ਲਈ ਅਰਦਾਸ ਕੀਤੀ ਗਈ ਹੈ।

ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ

ਉਨ੍ਹਾਂ ਕਿਹਾ ਕਿ ਜਦੋਂ ਮੱਕਾ-ਮਦੀਨਾ ਤੋਂ ਇਲਾਵਾ ਭਾਰਤ 'ਚ ਵੀ ਹਰ ਧਰਮ ਨਾਲ ਸਬੰਧਤ ਗੁਰਧਾਮ ਖੋਲ੍ਹ ਦਿੱਤੇ ਗਏ ਹਨ ਤਾਂ ਭਾਰਤ ਸਰਕਾਰ ਨੂੰ ਵੀ ਪਹਿਲ ਕਰਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਤੋਂ ਵੱਧ ਦੀ ਸੰਗਤਾਂ ਦੀ ਅਰਦਾਸ ਪਿਛਲੇ ਸਾਲ ਗੁਰਪੁਰਬ ਤੋਂ ਪਹਿਲਾਂ ਪ੍ਰਵਾਨ ਹੋਈ ਸੀ, ਜਦੋਂ ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਕਰਕੇ ਸੰਗਤਾਂ ਨੂੰ ਆਪਣੇ ਤੋਂ ਵਿਛੜੇ ਗੁਰਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਹੋਏ ਸਨ ਅਤੇ ਹੁਣ ਅਗਲੇ ਮਹੀਨੇ ਫਿਰ ਗੁਰਪੁਰਬ ਦੀ ਆਮਦ ਹੈ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਗੁਰਧਾਮਾਂ ਵਾਂਗ ਇਸ ਗੁਰਧਾਮ ਨੂੰ ਵੀ ਖੋਲ੍ਹ ਦੇਣ ਤਾਂ ਕਿ ਸੰਗਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਗੁਰੂ ਸਾਹਿਬ ਨੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਪਦੇਸ਼ ਦੇ ਕੇ ਸੰਗਤ ਨੂੰ ਨਵਾਂ ਰਾਹ ਵਿਖਾਇਆ ਸੀ, ਦੇ ਦਰਸ਼ਨ ਦੀਦਾਰ ਹੋ ਸਕਣ ਅਤੇ ਸੰਗਤਾਂ ਉਸ ਧਰਤੀ ਨੂੰ ਨਤਮਸਕ ਹੋ ਸਕਣ।

ਇਹ ਵੀ ਪੜ੍ਹੋ :ਡਾ.ਐੱਸ.ਪੀ.ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਝੁੱਗੀਆਂ 'ਚ ਰਹਿਣ ਵਾਲੇ ਪਰਿਵਾਰਾਂ ਦੀ ਫੜੀ ਬਾਂਹ

ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਸਰਕਾਰ ਵਲੋਂ ਆਪਣੇ ਤਰਫੋਂ ਇਹ ਲਾਂਘਾ ਖੋਲ੍ਹ ਦਿੱਤਾ ਗਿਆ ਤਾਂ ਭਾਰਤ ਸਰਕਾਰ ਵੀ ਪਹਿਲਕਦਮੀ ਕਰਦਿਆਂ, ਗੁਰਪੁਰਬ ਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਅਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂਦੀ ਕਦਰ ਕਰਦਿਆਂ ਇਹ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਕ ਵਫਦ ਭਾਰਤ ਸਰਕਾਰ ਨੂੰ ਮਿਲ ਕੇ ਇਸ ਸਬੰਧੀ ਮੰਗ ਵੀ ਸੌਂਪੇਗਾ। ਇਸ ਮੌਕੇ ਰਵੀਕਰਨ ਸਿੰਘ ਕਾਹਲੋਂ, ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਇੰਦਰਜੀਤ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਸੋਨੂੰ ਲੰਗਾਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਬਾਦਲ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ : ਅੱਧੀ ਰਾਤ ਰੇਲਵੇ ਪਟੜੀ ਕੋਲ ਸੁੱਟਿਆ ਅਗਵਾ ਕੀਤਾ ਵਿਦਿਆਰਥੀ, ਹੈਰਾਨ ਕਰ ਦੇਵੇਗਾ ਪੂਰਾ ਘਟਨਾਕ੍ਰਮ

 

Shyna

This news is Content Editor Shyna