ਡੇਰਾ ਬਾਬਾ ਨਾਨਕ ਪੁੱਜੇ ਸਿੰਗਲਾ, ਕਿਹਾ ਪਾਕਿ ਵਾਲੇ ਪਾਸੇ ਅਜੇ ਤਕ ਨਹੀਂ ਬਣਿਆ ਬਰਿੱਜ

10/15/2019 4:12:23 PM

ਡੇਰਾ ਬਾਬਾ ਨਾਨਕ (ਗੁਰਪ੍ਰੀਤ) - ਪੰਜਾਬ ਦੇ ਪੀ.ਡਬਲਿਊ.ਡੀ ਮੰਤਰੀ ਵਿਜੇਇੰਦਰ ਸਿੰਗਲਾ ਅੱਜ ਡੇਰਾ ਬਾਬਾ ਨਾਨਕ ਪੁੱਜੇ, ਜਿਥੇ ਉਨ੍ਹਾਂ ਨੇ ਲਾਂਘੇ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਡੇਰਾ ਬਾਬਾ ਨਾਨਕ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਸੀ, ਉਹ ਉਨ੍ਹਾਂ ਵਲੋਂ ਪੂਰੀ ਕੀਤੀ ਜਾ ਰਹੀ ਹੈ। ਨਿਰਧਾਰਿਤ ਕੀਤੇ ਗਏ ਸਮੇਂ ਮੁਤਾਬਕ 31 ਅਕਤੂਬਰ ਤੱਕ ਨਿਰਮਾਣ ਕਾਰਜ ਮੁਕੰਮਲ ਕਰ ਲਏ ਜਾਣਗੇ। ਭਾਰਤੀ ਖੇਤਰ 'ਚ ਬਣਾਏ ਜਾਣ ਵਾਲੇ ਓਵਰ ਬਰਿੱਜ ਪੂਰਾ ਹੋ ਚੁੱਕਾ ਹੈ ਪਰ ਪਾਕਿਸਤਾਨ ਨੇ ਆਪਣੇ ਹਿੱਸੇ 'ਚ ਆਉਣ ਵਾਲਾ ਓਵਰ ਬਰਿੱਜ ਅਜੇ ਤੱਕ ਨਹੀਂ ਬਣਾਇਆ, ਜਿਸ ਕਾਰਨ ਪੁੱਲ ਨੂੰ ਹਾਲ ਹੀ ਦੀ ਘੜੀ 'ਚ ਬੰਦ ਕਰ ਦਿੱਤਾ ਗਿਆ ਹੈ।

ਲਾਂਘੇ ਟੈਕਸ ਦੇ ਬਾਰੇ ਬੋਲਦੇ ਹੋਏ ਸਿੰਗਲਾ ਨੇ ਕਿਹਾ ਕਿ ਪਾਕਿ ਵਲੋਂ ਲਾਂਘਾ ਟੈਕਸ ਵਧਾਏ ਜਾਣ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਮਾਂ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ ਕਿ ਉਹ ਪਾਕਿਸਤਾਨ ਸਰਕਾਰ ਨਾਲ ਇਸ ਸਬੰਧ 'ਚ ਜਰੂਰ ਗੱਲ ਕਰਨ। ਉਨ੍ਹਾਂ ਕਿਹਾ ਕਿ ਪਾਸਪੋਰਟ ਬਣਾਉਣ ਦੀ ਫੀਸ ਬਹੁਤ ਜ਼ਿਆਦਾ ਹੈ, ਜੋ ਗਰੀਬ ਲੋਕ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਾ ਤਾਂ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੀ ਹੈ ਅਤੇ ਨਾ ਹੀ ਲਾਂਘਾ ਟੈਕਸ ਹਟਾਇਆ ਜਾ ਸਕਦਾ।

ਪਾਕਿ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਬਾਰੇ ਸਿੰਗਲਾ ਨੇ ਕਿਹਾ ਕਿ ਉਹ ਪਾਕਿ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਬਾਰੇ ਕੁਝ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਦਰਸ਼ਨਾਂ ਲਈ ਖੋਲ੍ਹਿਆ ਜਾ ਰਿਹਾ ਹੈ, ਜਿਸ ਨੂੰ ਦਰਸ਼ਨਾਂ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ।

rajwinder kaur

This news is Content Editor rajwinder kaur