ਕਰਤਾਰਪੁਰ ਲਾਂਘੇ ਦੀ ਖੋਦਾਈ ''ਚੋਂ ਮਿਲ ਰਹੀਆਂ ਇਤਿਹਾਸਕ ਯਾਦਗਾਰਾਂ ਨੂੰ ਦੋਵੇਂ ਦੇਸ਼ ਸੰਭਾਲਣ : ਸਿਰਸਾ

05/01/2019 10:38:40 AM

ਜਲੰਧਰ/ਨਵੀਂ ਦਿੱਲੀ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਲਾਂਘੇ ਲਈ ਹੋ ਰਹੀ ਖੋਦਾਈ ਦੌਰਾਨ ਮਿਲ ਰਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਖੋਦਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਖੂਹ ਮਿਲਿਆ ਹੈ, ਜਿਸ ਨੂੰ ਸ਼ਰਧਾਲੂਆਂ ਲਈ ਵਿਰਾਸਤੀ ਧਾਰਮਿਕ ਖੂਹ ਵਜੋਂ ਸੰਭਾਲਿਆ ਜਾਣਾ ਚਾਹੀਦਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਸਾਡੇ ਲਈ ਅਤਿਅੰਤ ਪ੍ਰਸ਼ੰਸਾ ਵਾਲੀ ਗੱਲ ਹੈ ਕਿ ਸਾਡੀ ਪੀੜ੍ਹੀ ਨੂੰ ਉਹ ਖੂਹ ਮਿਲਿਆ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਪਾਸਿਆਂ ਤੋਂ ਹੋ ਰਹੀ ਖੋਦਾਈ ਦੌਰਾਨ ਹੋਰ ਬਹੁਮੁੱਲੀਆਂ ਚੀਜ਼ਾਂ ਜਾਂ ਯਾਦਗਾਰਾਂ ਮਿਲ ਸਕਦੀਆਂ ਹਨ, ਇਸ ਗੱਲ ਦਾ ਧਿਆਨ ਦੋਵਾਂ ਦੇਸ਼ਾਂ ਨੂੰ ਹੀ ਰੱਖਣਾ ਚਾਹੀਦਾ ਹੈ।
ਸਿੱਖ ਆਗੂ ਨੇ ਕਿਹਾ ਕਿ ਅਸੀਂ ਦਿੱਲੀ ਕਮੇਟੀ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਦੌਰਾਨ ਮਿਲਣ ਵਾਲੀਆਂ ਯਾਦਗਾਰਾਂ ਨੂੰ ਬਾ-ਸਤਿਕਾਰ ਸੰਭਾਲਣ ਤਾਂ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਇਨ੍ਹਾਂ ਦੇ ਦਰਸ਼ਨ ਕਰ ਸਕਣ ਤੇ ਆਪਣੇ ਗੁਰੂ ਸਾਹਿਬ ਦੇ ਸਮੇਂ ਦੀਆਂ ਘਟਨਾਵਾਂ ਤੇ ਯਾਦਾਂ ਨੂੰ ਮਹਿਸੂਸ ਕਰ ਸਕਣ।

shivani attri

This news is Content Editor shivani attri