ਕਰਤਾਰਪੁਰ ਕੋਰੀਡੋਰ : ਇਕ ਉਦਘਾਟਨ ਤਿੰਨ ਵਿਵਾਦ

11/27/2018 12:32:13 PM

ਜਲੰਧਰ (ਵੈੱਬ ਡੈਸਕ) : ਪਾਕਿਸਤਾਨ ਵਿਖੇ ਸਥਿਤ ਇਤਿਹਾਸਕ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤੀ ਸਰਹੱਦ ਅੰਦਰ ਕਰਵਾਏ ਗਏ ਨੀਂਹ ਪੱਥਰ ਸਮਾਗਮ ਲਈ ਸਾਰੀਆਂ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਣ ਲਈ ਐਤਵਾਰ ਨੂੰ ਪੂਰਾ ਦਿਨ ਮੁਸ਼ੱਕਤ ਹੁੰਦੀ ਰਹੀ ਅਤੇ ਆਖਿਰ ਐਤਵਾਰ ਸ਼ਾਮ ਨੂੰ ਇਹ ਨਿਰਧਾਰਿਤ ਕੀਤਾ ਗਿਆ ਕਿ ਇਹ ਮੌਕਾ ਸਿਆਸਤ ਦਾ ਨਹੀਂ ਹੈ, ਲਿਹਾਜ਼ਾ ਸਾਰੇ ਆਗੂ ਇਕ ਹੀ ਮੰਚ 'ਤੇ ਬੈਠਣਗੇ ਪਰ ਸੋਮਵਾਰ ਦਿਨ ਚੜ੍ਹਦਿਆਂ ਹੀ ਸਾਰੇ ਲੀਡਰਾਂ ਵਲੋਂ ਐਤਵਾਰ ਸ਼ਾਮ ਦਾ ਸਬਕ ਭੁਲਾ ਦਿੱਤਾ ਗਿਆ ਅਤੇ ਇਸ ਲਾਂਘੇ ਦੇ ਨੀਂਹ ਪੱਥਰ ਲਈ ਕਰੈਡਿਟ ਹਾਸਲ ਕਰਨ ਲਈ ਸਿਆਸੀ ਵਾਰ ਸ਼ੁਰੂ ਹੋ ਗਈ। ਸੋਮਵਾਰ ਨੂੰ ਇਕ ਨੀਂਹ ਪੱਥਰ ਰੱਖਿਆ ਗਿਆ ਜਦਕਿ ਤਿੰਨ ਵਾਰ ਇਸ ਮੌਕੇ ਵਿਵਾਦ ਹੋਇਆ। 


ਸਭ ਤੋਂ ਪਹਿਲਾ ਵਿਵਾਦ ਸਵੇਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਦਘਾਟਨੀ ਬੋਰਡ 'ਤੇ ਲਿਖੇ ਗਏ ਬਾਦਲਾਂ ਦੇ ਨਾਵਾਂ ਨੂੰ ਲੈ ਕੇ ਸ਼ੁਰੂ ਕੀਤਾ। ਸੁੱਖੀ ਰੰਧਾਵਾ ਨੂੰ ਉਦਘਾਟਨੀ ਬੋਰਡ 'ਤੇ ਲਿਖੇ ਗਏ ਬਾਦਲ ਪਰਿਵਾਰ ਦੇ ਨਾਵਾਂ 'ਤੇ ਇਤਰਾਜ਼ ਸੀ। ਜਿਸ ਤੋਂ ਬਾਅਦ ਰੰਧਾਵਾ ਨੇ ਉਦਘਾਟਨੀ ਬੋਰਡ 'ਤੇ ਲਿਖੇ ਆਪਣੇ ਨਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ ਟੇਪ ਲਗਾ ਦਿੱਤੀ। 


ਇਸ ਤੋਂ ਬਾਅਦ ਦੂਜਾ ਵਿਵਾਦ ਉਸ ਸਮੇਂ ਹੋਇਆ ਜਦੋਂ ਮੰਚ ਤੋਂ ਬੋਲਦੇ ਹੋਏ ਹਰਸਿਮਰਤ ਕੌਰ ਬਾਦਲ ਨੇ 1984 ਦੇ ਕਤਲੇਆਮ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਜਿਸ 'ਤੇ ਹਰਸਿਮਰਤ ਦੇ ਖਿਲਾਫ ਪੰਡਾਲ 'ਚੋਂ ਹੂਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਪੰਡਾਲ ਵਿਚ ਸੁਰੱਖਿਆ 'ਚ ਮੌਜੂਦ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰ ਰਹੇ ਲੋਕਾਂ ਨੇ ਸ਼ਾਂਤ ਕਰਵਾਇਆ। 


ਉਦਘਾਟਨ ਸਮਾਰੋਹ ਦਾ ਤੀਸਰਾ ਵਿਵਾਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸੰਬੋਧਨ ਸਮੇਂ ਉਸ ਵੇਲੇ ਸ਼ੁਰੂ ਹੋਇਆ ਜਦੋਂ ਜਾਖੜ ਨੇ ਆਪਣੇ ਭਾਸ਼ਣ ਦੌਰਾਨ ਨਸ਼ੇ ਦਾ ਮੁੱਦਾ ਚੁੱਕ ਕੇ ਅਕਾਲੀਆਂ ਨੂੰ ਘੇਰਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੰਡਾਲ ਵਿਚ ਬੈਠੇ ਬਿਕਰਮ ਮੀਜੀਠੀਆ ਅਤੇ ਹੋਰ ਅਕਾਲੀ ਵਰਕਰਾਂ ਨੇ ਜਾਖੜ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। 


ਇਨ੍ਹਾਂ ਸਾਰੇ ਵਿਵਾਦਾਂ ਤੋਂ ਇਲਾਵਾ ਨੀਂਹ ਪੱਥਰ ਸਮਾਗਮ ਵਿਚ ਨਵਜੋਤ ਸਿੱਧੂ ਦੀ ਗੈਰਹਾਜ਼ਰੀ ਵੀ ਰੜਕਦੀ ਰਹੀ। ਹਾਲਾਂਕਿ ਸਿੱਧੂ ਸਵੇਰੇ ਆ ਕੇ ਬਾਰਡਰ 'ਤੇ ਲੱਗੇ ਹੋਏ ਕੈਮਰਿਆਂ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਗਏ ਪਰ ਇਹ ਸਵਾਲ ਹਰ ਇਕ ਦੇ ਜ਼ਿਹਨ ਵਿਚ ਸੀ ਕਿ ਸਿੱਧੂ ਨੂੰ ਸਮਾਗਮ ਵਿਚ ਬੁਲਾਇਆ ਨਹੀਂ ਗਿਆ ਜਾਂ ਉਹ ਜਾਣ ਬੁੱਝ ਕੇ ਗੈਰ ਹਾਜ਼ਰ ਰਹੇ ਹਨ।

Gurminder Singh

This news is Content Editor Gurminder Singh