ਕਰਤਾਰਪੁਰ ਕੋਰੀਡੋਰ ਦੇ ਆਲੇ-ਦੁਆਲੇ ਸੁਰੱਖਿਆ ਦਾ ਘੇਰਾ ਕੀਤਾ ਹੋਰ ਸਖ਼ਤ

08/09/2019 8:49:42 PM

ਜਲੰਧਰ,(ਧਵਨ) : ਕਸ਼ਮੀਰ ਮਸਲੇ ਨੂੰ ਲੈ ਕੇ ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਬਾਵਜੂਦ ਵੀ ਪਾਕਿਸਤਾਨ ਨੇ ਇਹ ਐਲਾਨ ਕੀਤਾ ਹੈ ਕਿ ਭਾਰਤ-ਪਾਕਿਸਤਾਨ ਦੇ ਵਿਚਾਲੇ ਬਣ ਰਹੇ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਨੂੰ ਲੈ ਕੇ ਕੋਈ ਫਰਕ ਨਹੀਂ ਪਏਗਾ ਪਰ ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਖੇਤਰਾਂ 'ਚ ਸੁਰੱਖਿਆ ਦਾ ਘੇਰਾ ਕਾਫੀ ਸਖਤ ਕਰ ਦਿੱਤਾ ਹੈ। ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਾਰਜ ਜਿਸ ਸਥਾਨ 'ਤੇ ਚੱਲ ਰਿਹਾ ਹੈ, ਉਥੇ ਸੁਰੱਖਿਆ ਦੇ ਘੇਰੇ ਨੂੰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਭਾਰਤ ਨੇ ਵੀ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਨੂੰ ਵਧਾਇਆ ਹੋਇਆ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਰੇਂਜਰਾਂ ਨੇ ਵੀ ਆਪਣੇ ਖੇਤਰ 'ਚ ਤਾਇਨਾਤ ਰੇਂਜਰਾਂ ਨੂੰ ਬੁਲੇਟ ਪਰੂਫ ਜੈਕੇਟਾਂ ਮੁਹੱਈਆ ਕਰਵਾ ਦਿੱਤੀਆਂ ਹਨ।

ਭਾਰਤ 'ਚ ਡੇਰਾ ਬਾਬਾ ਨਾਨਕ ਖੇਤਰ 'ਚ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਨਿਰਮਾਣ ਕਾਰਜ ਚੱਲ ਰਿਹਾ ਹੈ। ਕੋਰੀਡੋਰ ਦੇ ਨਿਰਮਾਣ ਕਾਰਜ 'ਚ ਲੱਗੇ ਮਜ਼ਦੂਰਾਂ ਦੀ  ਸੁਰੱਖਿਆ ਨੂੰ ਲੈ ਕੇ ਪ੍ਰਬੰਧ ਉਠਾਏ ਗਏ ਹਨ। ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕਾਰਜ ਦੋਵੇਂ ਦੇਸ਼ਾਂ ਨੇ ਇਸ ਸਾਲ ਨਵੰਬਰ ਤੋਂ ਪਹਿਲਾਂ-ਪਹਿਲਾਂ ਪੂਰਾ ਕਰਨ ਦਾ ਵਾਅਦਾ ਕੀਤਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਮੀਦ ਜ਼ਾਹਿਰ ਕੀਤੀ ਹੈ ਕਿ ਕਸ਼ਮੀਰ ਮਾਮਲੇ ਨੂੰ ਲੈ ਕੇ ਚਾਹੇ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਦੋਵੇਂ ਦੇਸ਼ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਿਰਮਾਣ ਕਾਰਜ ਨੂੰ ਰੋਕਣਗੇ ਨਹੀਂ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਿਰਮਾਣ ਕਾਰਜ ਇਸ ਸਾਲ ਨਵੰਬਰ ਤੋਂ ਪਹਿਲਾਂ ਪੂਰਾ ਹੋ ਜਾਏਗਾ।

ਦੂਜੇ ਪਾਸੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈ ਰਹੇ ਹਨ। ਮੁੱਖ ਮੰਤਰੀ ਨੇ ਆਪਣੇ ਤਿੰਨ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਿਰਮਾਣ ਕਾਰਜ ਨੂੰ ਭਾਰਤੀ ਖੇਤਰ 'ਚ ਨਵੰਬਰ ਤੋਂ ਪਹਿਲਾਂ ਪੂਰਾ ਕਰਵਾਉਣ ਲਈ ਲਾਈਆਂ ਹੋਈਆਂ ਹਨ। ਭਾਵੇਂ ਅਗਲੇ ਕੁਝ ਦਿਨਾਂ ਤਕ ਕਸ਼ਮੀਰ ਮਸਲੇ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਅ ਬਣਿਆ ਰਹੇਗਾ ਪਰ ਨਾਲ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੀਆਂ ਨਜ਼ਰਾਂ ਵੀ ਪੂਰੀ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵੱਲ ਟਿਕੀਆਂ ਰਹਿਣਗੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਇਸ ਸਾਲ ਨਵੰਬਰ ਮਹੀਨੇ 'ਚ ਮਨਾਇਆ ਜਾ ਰਿਹਾ ਹੈ ਅਤੇ ਉਸ ਸਬੰਧੀ ਰਾਜ ਸਰਕਾਰ ਨੇ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਹਨ। ਵੱਡੇ ਪੱਧਰ 'ਤੇ ਸਮਾਰੋਹਾਂ ਦਾ ਆਯੋਜਨ ਕੀਤਾ ਜਾਣਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੇਪਾਲ ਦੇ ਪ੍ਰਧਾਨ ਮੰਤਰੀ ਸਣੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਪੰਜਾਬ ਸਰਕਾਰ ਵਲੋਂ ਬੁਲਾਇਆ ਜਾ ਰਿਹਾ ਹੈ।