ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ ''ਤੇ ਕਿਸਾਨ ਵਲੋਂ ਬਣਾਏ ਜਾ ਰਹੇ ਘਰ ਨੂੰ ਪ੍ਰਸ਼ਾਸਨ ਨੇ ਢਾਹਿਆ

10/30/2019 9:07:38 PM

ਡੇਰਾ ਬਾਬਾ ਨਾਨਕ, (ਵਤਨ) : ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੁੱਖ ਦੁਆਰ 'ਤੇ ਕਿਸਾਨ ਵਲੋਂ ਆਪਣੀ ਜ਼ਮੀਨ 'ਤੇ ਬਣਾਏ ਜਾ ਰਹੇ ਉਸਾਰੀ ਅਧੀਨ ਘਰ ਨੂੰ ਪ੍ਰਸ਼ਾਸਨ ਵਲੋਂ ਢਾਹ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਦਾ ਕਿਸਾਨ ਜੋਗਿੰਦਰ ਸਿੰਘ ਪੁੱਤਰ ਗਿਆਨ ਸਿੰਘ ਤੇ ਉਸ ਦੇ ਪਰਿਵਾਰ ਨੇ ਵਿਰੋਧ ਕੀਤਾ ਤੇ ਪ੍ਰਸਾਸ਼ਨ ਦੀ ਧੱਕੇਸਾਹੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ।  ਇਸ ਦੌਰਾਨ ਪੀੜਤ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਮਾਲਕੀ ਵਾਲੀ ਸਵਾ ਏਕੜ ਜ਼ਮੀਨ ਸੀ, ਜਿਸ 'ਚੋਂ ਅੱਧੀ ਜ਼ਮੀਨ ਸਰਕਾਰ ਵਲੋਂ ਪਹਿਲਾਂ ਕਰਤਾਰਪੁਰ ਕੋਰੀਡੋਰ ਦੇ ਲਈ ਹਾਸਲ ਕੀਤੀ ਗਈ ਤੇ ਇਸ ਜਗ੍ਹਾ 'ਚੋਂ ਰਹਿੰਦੀ ਬਕਾਇਆ 10 ਮਰਲੇ ਦੀ ਥਾਂ 'ਚ ਉਹ ਚਾਹ ਵਾਲੀ ਦੁਕਾਨ ਬਣਾਉਣ ਜਾ ਰਿਹਾ ਸੀ, ਜਿਸ ਨਾਲ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚੱਲ ਸਕੇ ਪਰ ਪ੍ਰਸਾਸ਼ਨ ਵਲੋਂ ਅੱਜ ਉਨ੍ਹਾਂ ਦੇ ਘਰ ਨੂੰ ਢਾਹ ਦਿੱਤਾ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਮਕਾਨ ਬਣਾਉਣ 'ਤੇ ਉਸ ਦੇ 4 ਲੱਖ ਰੁਪਏ ਖਰਚ ਹੋ ਚੁੱਕੇ ਹਨ ਪਰ ਪ੍ਰਸਾਸ਼ਨ ਵਲੋਂ ਉਸ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਸ ਥਾਂ 'ਤੇ ਘਰ ਬਣਾਉਣ ਲਈ ਮਨਜ਼ੂਰੀ ਲੈਣੀ ਪੈਣੀ ਸੀ ਤਾਂ ਉਸ ਨੂੰ ਤਿੰਨ ਮਹੀਨੇ ਪਹਿਲਾਂ ਘਰ ਬਣਾਉਣ ਸਮੇਂ ਹੀ ਪ੍ਰਸਾਸ਼ਨ ਨੂੰ ਰੋਕ ਦੇਣਾ ਚਾਹੀਦਾ ਸੀ ਪਰ ਪ੍ਰਸਾਸ਼ਨ ਨੇ ਅਜਿਹਾ ਨਾ ਕਰਕੇ ਉਸ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਸਾਸ਼ਨ ਵਲੋਂ ਉਸ ਦੀ ਜੱਦੀ ਜ਼ਮੀਨ 'ਤੇ ਕੀਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਨੂੰ ਆਪਣੀ ਜੱਦੀ ਜ਼ਮੀਨ 'ਤੇ ਘਰ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਸਬੰਧ 'ਚ ਜਦੋਂ ਮੌਕੇ 'ਤੇ ਮੌਜੂਦ ਡੇਰਾ ਬਾਬਾ ਨਾਨਕ ਦੇ ਐਸ. ਡੀ. ਐਮ. ਗੁਰਸਿਮਰਨ ਸਿੰਘ ਢਿਲੋਂ ਕੋਲੋਂ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।