ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਮੰਨਦੇ ਸਨ ‘ਕਰਤਾਰ ਸਿੰਘ ਸਰਾਭਾ’ ਨੂੰ ਆਦਰਸ਼

11/16/2018 1:30:20 PM

ਜਲੰਧਰ (ਵੈਬ ਡੈਸਕ) - ਕਰਤਾਰ ਸਿੰਘ ਸਰਾਭਾ ਦੇਸ਼ ਦੇ ਉਹ ਮਹਾਨ ਸਪੂਤ ਹਨ ਜਿੰਨਾ ਦੀ ਕੁਰਬਾਨੀ ਨੇ ਸੁੱਤੇ ਹੋਏ ਲੋਕਾਂ ਨੂੰ ਜਗਾਇਆ। ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ । ਛੋਟੀ ਉਮਰ 'ਚ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ 'ਤੇ ਆ ਗਈ। ਕਰਤਾਰ ਸਿੰਘ ਸਰਾਭਾ ਨੇ ਆਪਣੀ ਮੁੱਢਲੀ ਵਿੱਦਿਆ ਸਰਾਭਾ ਪਿੰਡ 'ਚ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ 8ਵੀਂ ਤੱਕ ਦੀ ਵਿੱਦਿਆ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ 'ਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। 10ਵੀਂ ਤੱਕ ਦੀ ਵਿੱਦਿਆ ਉਨ੍ਹਾਂ ਨੇ ਉੱਥੇ ਹੀ ਪ੍ਰਾਪਤ ਕੀਤੀ। ਕਰਤਾਰ ਸਿੰਘ ਪੜ੍ਹਾਈ 'ਚ ਸ਼ੁਰੂ ਤੋਂ ਹੀ ਹੁਸ਼ਿਆਰ ਸਨ, ਉਨ੍ਹਾਂ ਦੇ ਦਾਦਾ ਜੀ ਉਨ੍ਹਾਂ ਨੂੰ ਉੱਚੇ ਅਹੁਦੇ 'ਤੇ ਦੇਖਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਉਚੇਰੀ ਪੜ੍ਹਾਈ ਲਈ ਉਨ੍ਹਾਂ ਨੂੰ ਅਮਰੀਕਾ ਭੇਜ ਦਿੱਤਾ। ਉੱਥੇ ਜਾ ਕੇ ਉਨ੍ਹਾਂ ਨੇ ਬਰਕਲੇ ਯੂਨੀਵਰਸਿਟੀ 'ਚ ਰਸਾਇਣ ਵਿਗਿਆਨ ਦੀ ਪੜ੍ਹਾਈ ਕੀਤੀ। 

ਉਸ ਸਮੇਂ ਗਦਰ ਲਹਿਰ ਦਾ ਮੁੱਢ ਬੱਝ ਰਿਹਾ ਸੀ। ਦੇਸ਼ 'ਚ ਭਾਰਤੀਆਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਉਨ੍ਹਾਂ ਦੀ ਰੂਹ ਕੁਰਲਾ ਉੱਠੀ ਤੇ ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਲੈਣ ਲੱਗੇ। ਅਮਰੀਕਾ 'ਚ ਵਸਦੇ ਹਿੰਦੁਸਤਾਨੀਆਂ ਨੇ 1913 ਈ. 'ਚ ਗ਼ਦਰ ਨਾਂ ਦੀ ਇਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਨੇ ਸੋਹਣ ਸਿੰਘ ਭਕਨਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਬਣਨ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਪ੍ਰਚਾਰ-ਹਿੱਤ (ਉਰਦੂ ਤੇ ਪੰਜਾਬੀ) ਗ਼ਦਰ ਨਾਂ ਹੇਠ ਹਫ਼ਤਾਵਾਰ ਅਖ਼ਬਾਰ ਕੱਢਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਭਾਵੇਂ ਸਹਿਵਨ ਹੀ ਵਾਪਰਿਆ ਪਰ ਇਨ੍ਹਾਂ ਦਿਨਾਂ 'ਚ ਉਹ ਸਰਕਾਰੀ ਸੂਹੀਆਂ ਦੀ ਨਜ਼ਰ 'ਚ ਆ ਗਏ ਸਨ। ਹਿੰਦੁਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਨੇ 'ਹਿੰਦੁਸਤਾਨ ਦੀ ਵਰਤਮਾਨ ਰਾਜਸੀ ਹਾਲਤ' ਬਾਰੇ 14 ਮਈ 1914 ਨੂੰ ਹਿੰਦੁਸਤਾਨ ਸਰਕਾਰ ਵੱਲ ਭੇਜੀ ਰਿਪੋਰਟ 'ਚ ਉਨ੍ਹਾਂ ਦਾ ਜ਼ਿਕਰ ਕੀਤਾ। ਸਰਾਭਾ ਦੀਆਂ ਦੇਸ਼ ਪ੍ਰੇਮ ਦੀਆਂ ਉਚੇਰੀਆਂ ਭਾਵਨਾਵਾਂ ਨੂੰ ਦੇਖਦਿਆਂ ਗ਼ਦਰ ਪਾਰਟੀ ਨੇ ਕੈਲੀਫ਼ੋਰਨੀਆ 'ਚ ਇਕ ਮੀਟਿੰਗ ਕਰਕੇ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਮੈਂਬਰ ਵਜੋਂ ਚੋਣ ਕੀਤੀ।

ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤਭਾਰਤ 'ਤੇ ਕਾਬਜ਼ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਮਰੀਕਾ ਅਤੇ ਕਨੇਡਾ 'ਚ ਵਸੇ ਭਾਰਤੀਆਂ ਨੂੰ ਇੱਕਜੁਟ ਕਰਨ ਦਾ ਕੰਮ ਕੀਤਾ ਸੀ। 'ਗ਼ਦਰ ਪਾਰਟੀ' ਦੀ ਯੋਜਨਾ ਉਂਜ ਤਾਂ 1913 'ਚ ਹੀ ਬਣ ਗਈ ਸੀ ਪਰ ਇਸ ਨੂੰ 21 ਫਰਵਰੀ 1915 ਈ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ।21 ਫਰਵਰੀ ਵਾਲੀ ਗਦਰ ਲਹਿਰ ਫੇਲ ਹੋ ਜਾਣ ਕਾਰਨ 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫ਼ਤਾਰ ਕਰ ਲਏ ਪਰ ਕਰਤਾਰ ਸਿੰਘ ਬਰਤਾਨਵੀ ਹਕੂਮਤ ਦੇ ਕਾਬੂ ਆ ਗਏ ਅਤੇ ਉਨ੍ਹਾਂ ਨੇ ਆਪਣੇ ਬਚਾਅ ਲਈ ਕੋਈ ਵਕੀਲ ਨਹੀਂ ਕੀਤਾ। ਕੋਰਟ ਦੀ ਕਾਰਵਾਈ ਨਾ-ਮਾਤਰ ਹੋਣ ਕਾਰਨ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਕੇਸ 'ਚ ਅਦਾਲਤ ਦੇ ਫ਼ੈਸਲੇ ਵਿਰੁੱਧ ਕੋਈ ਗਦਰੀ ਅੱਗੇ ਅਪੀਲ ਨਹੀਂ ਸੀ ਕਰ ਸਕਦਾ।

ਗ਼ਦਰੀਆਂ ਵਲੋਂ ਕੇਸ ਦੀ ਪੈਰਵੀਂ ਕਰ ਰਹੇ ਵਕੀਲ ਰਘੂਵਰ ਸਹਾਇ ਨੇ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ। ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ 24 ਗ਼ਦਰੀਆਂ 'ਚੋਂ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਜ਼ਾ-ਏ-ਕਾਲੇਪਾਣੀ ਕਰ ਦਿੱਤੀ। ਸਰ ਅਲੀ ਇਮਾਮ ਨੇ ਸਰਾਭੇ ਦੀ ਫਾਂਸੀ ਉਮਰ ਕੈਦ 'ਚ ਤਬਦੀਲ ਕਰਵਾਉਣ ਲਈ ਬਹੁਤ ਜ਼ੱਦੋਜਹਿਦ ਕੀਤੀ, ਕਿਉਂਕਿ ਸਰਾਭੇ ਦੀ ਉਮਰ ਉਸ ਵੇਲੇ ਸਭ ਤੋਂ ਘੱਟ ਸੀ ਪਰ ਵਾਇਸਰਾਇ ਨੇ ਉਸ ਦੀ ਅਪੀਲ ਨੂੰ ਖਾਰਜ਼ ਕਰ ਦਿੱਤਾ। ਕੋਰਟ ਦੇ ਜੱਜਾਂ ਵਲੋਂ ਸਰਾਭੇ ਬਾਰੇ 7 ਪੰਨਿਆਂ ਦਾ ਫ਼ੈਸਲਾ ਲਿਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੂੰ ਸਭ ਤੋਂ ਵਧ 'ਖ਼ਤਰਨਾਕ' ਦੱਸਿਆ ਗਿਆ । ਫ਼ੈਸਲੇ 'ਚ ਅਹਿਮ ਗੱਲ ਇਹ ਲਿਖੀ ਗਈ ਸੀ ਕਿ ਗ਼ਦਰ ਦੀ ਅਜਿਹੀ ਕੋਈ ਵੀ ਘਟਨਾ ਨਹੀਂ, ਜਿਸ 'ਚ ਸਰਾਭਾ ਸ਼ਾਮਲ ਨਾ ਹੋਵੇ।

16 ਨਵੰਬਰ 1915 ਨੂੰ ਸਾਢੇ ਉੱਨੀ ਸਾਲ ਦੇ ਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਛੇ ਹੋਰ ਸਾਥੀਆਂ - ਬਖਸ਼ੀਸ਼ ਸਿੰਘ, ਜ਼ਿਲਾ ਅੰਮ੍ਰਿਤਸਰ, ਹਰਨਾਮ ਸਿੰਘ ਜ਼ਿਲਾ ਸਿਆਲਕੋਟ, ਜਗਤ ਸਿੰਘ ਜ਼ਿਲਾ ਲਾਹੌਰ, ਸੁਰੈਣ ਸਿੰਘ-1 ਅਤੇ ਸੁਰੈਣ -2 ਜ਼ਿਲਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਜ਼ਿਲਾ ਪੂਨਾ (ਮਹਾਰਾਸ਼ਟਰ), ਨੂੰ ਲਾਹੌਰ ਦੀ ਸੈਂਟਰਲ ਜੇਲ 'ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਕਿਹਾ ਜਾ ਸਕਦਾ ਹੈ ਕਿ 1857 ਦੇ ਬਾਅਦ ਇਹ ਅਜ਼ਾਦੀ ਦੀ ਦੂਸਰੀ ਹਥਿਆਰਬੰਦ ਕੋਸ਼ਿਸ਼ ਸੀ, ਜਿਸ 'ਚ 200 ਤੋਂ ਵਧ ਲੋਕ ਸ਼ਹੀਦ ਹੋਏ ਸਨ ਪਰ ਇਸ ਨਾਲ ਆਜ਼ਾਦੀ ਦੇ ਉਦੇਸ਼ ਨੂੰ ਬਲ ਮਿਲਿਆ। ਕਰਤਾਰ ਸਿੰਘ ਸਰਾਭਾ ਆਪਣੇ ਬਹੁਤ ਛੋਟੇ ਜਿਹੇ ਰਾਜਨੀਤਕ ਜੀਵਨ ਦੇ ਦਲੇਰਾਨਾ ਕੰਮਾਂ ਕਾਰਨ ਗ਼ਦਰ ਪਾਰਟੀ ਦੇ ਲੋਕ ਨਾਇਕ ਦੇ ਰੂਪ 'ਚ ਉੱਭਰੇ। ਸ਼ਹੀਦੇ-ਆਜ਼ਮ ਭਗਤ ਸਿੰਘ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਸਨ।

rajwinder kaur

This news is Content Editor rajwinder kaur