ਅਮਰੀਕਾ ਤੋਂ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ

05/05/2023 7:06:07 PM

ਕਪੂਰਥਲਾ/ਅਮਰੀਕਾ (ਚੰਦਰ)- ਅਮਰੀਕਾ ਤੋਂ ਮੁੜ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਜਲਾਲ ਭੁਲਾਣਾ ਦੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੈਸ ਸਟੇਸ਼ਨ ਦੇ ਸਟੋਰ 'ਤੇ ਕੰਮ ਕਰਦੇ ਸਮੇਂ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਦੀਆਂ ਖ਼ੌਫ਼ਨਾਕ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਦੇ ਰੂਪ ਵਿਚ ਹੋਈ ਹੈ। ਪਰਿਵਾਰ ਅਨੁਸਾਰ 30 ਸਾਲਾ ਨਵਜੋਤ ਸਿੰਘ ਅਜੇ ਕੁਵਾਰਾ ਸੀ ਅਤੇ ਸ਼ੁਰੂ ਤੋਂ ਹੀ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦਾ ਸੀ। ਲੰਬੇ ਸਮੇਂ ਤੋਂ ਨਵਜੋਤ ਵਿਦੇਸ਼ ਜਾਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਅਤੇ ਪਿਛਲੇ ਸਾਲ ਹੀ ਉਹ ਅਮਰੀਕਾ ਚਲਾ ਗਿਆ ਸੀ ਅਤੇ ਓਥੇ ਉਹ ਵਾਸ਼ਿੰਗਟਨ ਸਟੇਟ ਦੇ ਵੈਨਕੂਵਰ ਸ਼ਹਿਰ ਵਿਚ ਇਕ ਗੈਸ ਸਟੇਸ਼ਨ ਦੇ ਸਟੋਰ ਉੱਤੇ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਸੀ। ਸਟੋਰ 'ਤੇ ਕੰਮ ਕਰਦੇ ਮੌਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ। 

ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ, ਕਪੂਰਥਲਾ ਦੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

ਜਾਣਕਾਰੀ ਅਨੁਸਾਰ ਨਵਜੋਤ ਰੋਜ਼ਾਨਾ ਦੀ ਤਰ੍ਹਾਂ ਗੈਸ ਸਟੇਸ਼ਨ ਦੇ ਸਟੋਰ ਉੱਪਰ ਕੰਮ ਕਰ ਰਿਹਾ ਸੀ। ਇਸ ਦੌਰਾਨ ਹੀ  ਲੁਟੇਰੇ ਲੁੱਟ ਕਰਨ ਦੀ ਨੀਅਤ ਨਾਲ ਸਟੋਰ ਵਿੱਚ ਦਾਖ਼ਲ ਹੁੰਦੇ ਹਨ, ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਲੁਟੇਰਿਆਂ ਦੀ ਮੰਗ ਨੂੰ ਪੂਰਾ ਵੀ ਕਰ ਦਿੰਦਾ ਹੈ ਪਰ ਫਿਰ ਵੀ ਲੁਟੇਰੇ ਨਵਜੋਤ 'ਤੇ ਗੋਲੀਆਂ ਚਲਾ ਦਿੰਦੇ ਹਨ। ਨਤੀਜੇ ਵਜੋਂ ਨਵਜੋਤ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਜਾਂਦੀ ਹੈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। 

ਉਧਰ ਅੱਜ ਪੀੜਤ ਪਰਿਵਾਰ ਵੱਲੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕਰਕੇ ਮਦਦ ਦੀ ਗੁਹਾਰ ਲਗਾਈ ਗਈ ਹੈ ਅਤੇ ਨਵਜੋਤ ਸਿੰਘ ਦੀ ਲਾਸ਼ ਨੂੰ ਭਾਰਤ ਵਾਪਸ ਮੰਗਵਾਉਣ ਵਿੱਚ ਉਨ੍ਹਾਂ ਮਦਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ਾਂ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਡੂੰਘੇ ਦੁੱਖ਼ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹੱਥ ਜੋੜਦਿਆਂ ਹੋਇਆਂ ਇਥੇ ਮਾਪਿਆਂ ਕੋਲ ਰਹਿ ਕੇ ਕੰਮ ਅਤੇ ਤਰੱਕੀਆਂ ਕਰਨ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri