ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਸਬੰਧੀ ਪ੍ਰਵੇਸ਼ ਪ੍ਰੀਖਿਆ ਸੰਪੰਨ

04/22/2019 4:33:32 AM

ਕਪੂਰਥਲਾ (ਧੀਰ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿਥੇ ਸਰਕਾਰੀ ਸਕੂਲਾਂ ਦੇ ਸੁੰਦਰੀਕਰਨ ਤੇ ਮਿਆਰੀ ਸਿੱਖਿਆ ਲਈ ਪੂਰੇ ਉਤਸ਼ਾਹ ਨਾਲ ਯਤਨ ਕੀਤੇ ਜਾ ਰਹੇ ਹਨ, ਉੱਥੇ ਹੋਣਹਾਰ ਵਿਦਿਆਰਥੀਆਂ ਲਈ ਖੋਲ੍ਹੇ ਗਏ ਮੈਰੀਟੋਰੀਅਸ ਸਕੂਲਾਂ ’ਚ ਦਾਖਲੇ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਸਬੰਧੀ ਅੱਜ ਜ਼ਿਲਾ ਕਪੂਰਥਲਾ ’ਚ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਸਬੰਧੀ ਪ੍ਰਵੇਸ਼ ਪ੍ਰੀਖਿਆ ਆਯੋਜਿਤ ਕੀਤੀ ਗਈ। ਇਸ ਸਬੰਧੀ ਜਦੋਂ ਉਪ ਜ਼ਿਲਾ ਸਿੱਖਿਆ ਅਫਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਦੇ ਸਰਕਾਰੀ ਕੰਨਿਆ ਸੀ. ਸੈ. ਸਕੂਲ ਕਪੂਰਥਲਾ ਦੇ ਬਣੇ ਪ੍ਰੀਖਿਆ ਕੇਂਦਰ ’ਚ ਇਹ ਪ੍ਰੀਖਿਆ ਜ਼ਿਲਾ ਸਿੱਖਿਆ ਅਫਸਰ (ਸ) ਮੱਸਾ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ’ਚ ਕੁਲ 87 ਵਿਦਿਆਰਥੀਆਂ ’ਚੋਂ 82 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਇਹ ਪ੍ਰਵੇਸ਼ ਪ੍ਰੀਖਿਆ ਪੂਰੇ ਪੰਜਾਬ ’ਚ ਆਯੋਜਿਤ ਕੀਤੀ ਗਈ ਹੈ। ਪ੍ਰੀਖਿਆ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰੀਖਿਆ ’ਚ ਕੁਲ 4 ਤਰ੍ਹਾਂ ਦੇ ਪ੍ਰਸ਼ਨ ਪੱਤਰ ਸਨ ਜੋ ਕਿ ਵਿਦਿਆਰਥੀਆਂ ਨੂੰ ਏ. ਬੀ. ਸੀ. ਡੀ. ਕੋਡ ਦੇ ਅਨੁਸਾਰ ਦਿੱਤੇ ਗਏ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਤੇ ਮੈਡਮ ਸਪਨਾ ਗੁਪਤਾ ਵੱਲੋਂ ਪ੍ਰੀਖਿਆ ਕੇਂਦਰ ਦਾ ਨਿਰੀਖਣ ਕੀਤਾ ਗਿਆ।