ਫੌਜ ਖਿਲਾਫ ਬਿਆਨ ਦੇ ਕੇ ਖਹਿਰਾ ਨੇ ਭਾਰਤੀ ਫੌਜ ਦਾ ਅਪਮਾਨ ਕੀਤਾ : ਰਾਣਾ

02/18/2019 4:36:00 AM

ਕਪੂਰਥਲਾ (ਰਜਿੰਦਰ)-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਭਾਰਤੀ ਫੌਜ ਖਿਲਾਫ ਦਿੱਤੇ ਬਿਆਨ ਦੀ ਕਾਂਗਰਸ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਨਿੰਦਾ ਕੀਤੀ ਹੈ। ਰਾਣਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਨਾਲ ਸ਼ਹੀਦ ਹੋਏ ਫੌਜੀ ਜਵਾਨਾਂ ਦੀ ਸ਼ਹਾਦਤ ਨੂੰ ਜਿਥੇ ਸਾਰਾ ਦੇਸ਼ ਸਲਾਮ ਕਰ ਰਿਹਾ ਹੈ, ਉਥੇ ਦੇਸ਼ ਭਰ ਵਿਚ ਪਾਕਿਸਤਾਨ ਤੇ ਅੱਤਵਾਦ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ। ਅਜਿਹੇ ਸਮੇਂ ਸੁਖਪਾਲ ਖਹਿਰਾ ਵਲੋਂ ਭਾਰਤੀ ਫੌਜ ਦੇ ਖਿਲਾਫ ਬਿਆਨ ਦੇਣਾ ਬਹੁਤ ਹੀ ਨਿੰਦਣਯੋਗ ਘਟਨਾ ਹੈ। ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਖਿਲਾਫ ਬਿਆਨ ਦੇ ਕੇ ਖਹਿਰਾ ਨੇ ਭਾਰਤੀ ਫੌਜ ਦਾ ਅਪਮਾਨ ਕੀਤਾ ਹੈ, ਜਿਸ ਲਈ ਉਸ ਨੂੰ ਭਾਰਤੀ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਰਾਣਾ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਸਾਨੂੰ ਸ਼ਹੀਦ ਪਰਿਵਾਰਾਂ ਦੇ ਨਾਲ ਖਡ਼੍ਹਨ ਦੀ ਲੋਡ਼ ਹੈ ਨਾ ਕਿ ਅਜਿਹੇ ਬਿਆਨ ਦੇਣ ਦੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜੀ ਆਪਣੇ ਪਰਿਵਾਰਾਂ ਤੋਂ ਦੂਰ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਦਿਨ-ਰਾਤ ਰਾਖੀ ਕਰਦੇ ਹਨ ਤਾਂ ਹੀ ਅਸੀਂ ਇਥੇ ਸੁੱਖ ਦੀ ਨੀਂਦ ਸੌ ਰਹੇ ਹਾਂ।