ਨਸ਼ੇ ਦੀਆਂ ਸ਼ਿਕਾਰ ਔਰਤਾਂ ਲਈ ਵਿਆਪਕ ਮਾਡਲ ਬਣਾਉਣ ਲਈ ਕਪੂਰਥਲਾ ’ਚ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

02/16/2019 4:10:49 AM

ਕਪੂਰਥਲਾ (ਗੁਰਵਿੰਦਰ ਕੌਰ, ਜ. ਬ.)-ਵਧੀਕ ਮੁੱਖ ਸਕੱਤਰ ਸਿਹਤ, ਪੰਜਾਬ ਸਰਕਾਰ ਵੱਲੋਂ ਸਤੀਸ਼ ਚੰਦਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਇੰਡੀਆ ਐੱਚ. ਆਈ. ਵੀ-ਏਡਜ਼ ਅਲਾਇੰਸ’ ਦੇ ਸਹਿਯੋਗ ਨਾਲ ਜ਼ਿਲਾ ਨਸ਼ਾ ਛੁਡਾਊ ਤੇ ਮੁਡ਼ ਵਸੇਬਾ ਸੋਸਾਇਟੀ ਕਪੂਰਥਲਾ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ’ਚ ਵਧੀਕ ਸਕੱਤਰ ਸਿਹਤ ਵਿਭਾਗ ਬੀ. ਸ਼੍ਰੀ ਨਿਵਾਸਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ‘ਇੰਡੀਆ ਐੱਚ. ਆਈ. ਵੀ-ਏਡਜ਼ ਅਲਾਇੰਸ’ ਦੇ ਡਾਇਰੈਕਟਰ ਡਾ. ਉਮੇਸ਼ ਚਾਵਲਾ ਨੇ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ‘ਇੰਡੀਆ ਐੱਚ. ਆਈ. ਵੀ-ਏਡਜ਼ ਅਲਾਇੰਸ’ ਵਿਚ ‘ਹਾਰਮ ਰਿਡਕਸ਼ਨ ਪ੍ਰੋਗਰਾਮ’ ਦੀ ਅਗਵਾਈ ਕਰ ਰਹੇ ਕੁਣਾਲ ਕਿਸ਼ੋਰ ਨੇ ਦੱਸਿਆ ਕਿ ‘ਹਾਰਮ ਰਿਡਕਸ਼ਨ ਪ੍ਰੋਗਰਾਮ’ ਏਸ਼ੀਆ ਦੇ 7 ਦੇਸ਼ਾਂ ਵਿਚ ਚੱਲ ਰਿਹਾ ਹੈ ਅਤੇ ਅੰਕਡ਼ੇ ਦੱਸਦੇ ਹਨ ਕਿ ਔਰਤਾਂ ਵਿਚ ਨਸ਼ਾਖੋਰੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਭਵਿੱਖ ਵਿਚ ਇਸ ਦੇ ਗੰਭੀਰ ਨਤੀਜੇ ਹੋਣ ਦਾ ਖ਼ਤਰਾ ਹੈ। ਇਸ ਲਈ ਜਲਦੀ ਤੋਂ ਕੰਮ ਕਰਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ ਇਕ ਵਿਆਪਕ ਮਾਡਲ ਬਣਾਉਣ ਦੀ ਲੋਡ਼ ਹੈ, ਜਿਸ ਵਿਚ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ, ਜਿਸ ਲਈ ਉਹ ਵਧਾਈ ਦੀ ਪਾਤਰ ਹੈ। ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਸੰਦੀਪ ਭੋਲਾ ਨੇ ਕਿਹਾ ਕਿ ਔਰਤਾਂ ਵਿਚ ਚੱਲ ਰਹੀ ਨਸ਼ੇ ਦੀ ਬੀਮਾਰੀ ’ਤੇ ਫੋਕਸ ਕਰਨ ਦੀ ਲੋਡ਼ ਹੈ। ਉਨ੍ਹਾਂ ਔਰਤਾਂ ਵਿਚ ਨਸ਼ੇ ਦੇ ਕਾਰਨਾਂ ਅਤੇ ਇਲਾਜ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਏਸ਼ੀਆ ਦੇ 7 ਮੁਲਕਾਂ ਵਿਚੋਂ ਇਸ ਨਵੇਂ ਪਾਇਲਟ ਪ੍ਰਾਜੈਕਟ ਲਈ ਕਪੂਰਥਲਾ ਨੂੰ ਚੁਣੇ ਜਾਣ ’ਤੇ ‘ਇੰਡੀਆ ਐੱਚ. ਆਈ. ਵੀ-ਏਡਜ਼ ਅਲਾਇੰਸ’ ਦਾ ਧੰਨਵਾਦ ਕੀਤਾ। ਏ. ਆਈ. ਜੀ-ਐੱਸ. ਟੀ. ਐੱਫ. ਮੁਖਵਿੰਦਰ ਸਿੰਘ ਭੁੱਲਰ ਨੇ ਐੱਸ. ਟੀ. ਐੱਫ. ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਐੱਸ. ਟੀ. ਐੱਫ . ਦੀ ਸਾਰੀ ਟੀਮ ਵੰਲੋਂ ਇਸ ਪਾਇਲਟ ਪ੍ਰਾਜੈਕਟ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸੀ. ਜੇ. ਐੱਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਜੀਵ ਕੁੰਦੀ ਨੇ ਕਿਹਾ ਕਿ ਐੱਨ. ਡੀ. ਪੀ. ਐੱਸ. ਅਧੀਨ ਬਹੁਤ ਔਰਤਾਂ ਅਦਾਲਤਾਂ ਵਿਚ ਆਉਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਜ਼ਾ ਦੇ ਕੇ ਜੇਲ ਵਿਚ ਭੇਜਣ ਨਾਲੋਂ ਉਨ੍ਹਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਪਾਇਲਟ ਪ੍ਰਾਜੈਕਟ ਚਲਾ ਕੇ ਪਾਲਿਸੀ ਬਣਾਉਣੀ ਜ਼ਰੂਰੀ ਹੈ। ਜ਼ਿਲਾ ਨਸ਼ਾ ਛੁਡਾਊ ਅਤੇ ਮੁਡ਼ ਵਸੇਬਾ ਸੋਸਾਇਟੀ ਅਤੇ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਜਿਹੇ ਪਾਇਲਟ ਪ੍ਰਾਜੈਕਟ ਚਲਾ ਕੇ ਔਰਤਾਂ ਵਾਸਤੇ ਇਸ ਪ੍ਰੋਗਰਾਮ ਦਾ ਵਿਸਥਾਰ ਕਰਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਪ੍ਰੋਗਰਾਮ ਨੂੰ ਵਧੀਆ ਤਰ੍ਹਾਂ ਚਲਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਇਸ ਨੂੰ ਸਫਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਮਾਗਮ ਦੇ ਮੁੱਖ ਮਹਿਮਾਨ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮਸਲੇ ’ਤੇ ਅਤੇ ਖਾਸ ਕਰਕੇ ਔਰਤਾਂ ਦੇ ਮਾਮਲੇ ਵਿਚ ਬਹੁਤ ਗੰਭੀਰ ਹੈ ਅਤੇ ਪੰਜਾਬ ਵਿਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਚਲਾਏ ਜਾਣਗੇ। ਉਨ੍ਹਾਂ ਇਸ ਮੌਕੇ ਔਰਤਾਂ ਨੂੰ ‘ਓਟ ਪ੍ਰੋਗਰਾਮ’ ਵਿਚ ਰਜਿਸਟਰ ਕਰ ਕੇ ਦਵਾਈ ਖੁਆ ਕੇ ਇਸ ਪਾਇਲਟ ਪ੍ਰਾਜੈਕਟ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਨਸ਼ਾ ਛੁਡਾਊ ਕੇਂਦਰ ਦੀ ਸਾਰੀ ਟੀਮ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਅੰਤ ’ਚ ਸਾਰਿਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ‘ਇੰਡੀਆ ਐੱਚ. ਆਈ. ਵੀ-ਏਡਜ਼ ਅਲਾਇੰਸ’ ਦੇ ਚਰਨਜੀਤ ਸ਼ਰਮਾ ਅਤੇ ਹਰਜੋਤ ਕੌਰ ਨੇ ਸਾਰਿਆਂ ਨੂੰ ਇਸ ਪਾਇਲਟ ਪ੍ਰਾਜੈਕਟ ਵਿਚ ਵੱਧ-ਚਡ਼੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ. ਐੱਸ. ਪੀ. ਸਰਬਜੀਤ ਸਿੰਘ ਬਾਹੀਆ ਤੇ ਰਜਿੰਦਰ ਕੁਮਾਰ, ਐੱਸ. ਐੱਮ. ਓ. ਡਾ. ਰੀਟਾ ਬਾਲਾ ਤੋਂ ਇਲਾਵਾ ਨਸ਼ਾ ਵਿਰੋਧੀ ਮੰਚ ਅਤੇ ਐੱਨ. ਜੀ. ਓ. ਸ਼ੁਰੂਆਤ ਦੇ ਮੈਂਬਰ ਹਾਜ਼ਰ ਸਨ।