ਅਧਿਆਪਕਾਂ ’ਤੇ ਲਾਠੀਚਾਰਜ ਕਰਨਾ ਲੋਕਤੰਤਰ ਦਾ ਘਾਣ : ਸਿੱਧੂ

02/12/2019 4:59:38 AM

ਕਪੂਰਥਲਾ (ਮੱਲ੍ਹੀ)-ਕੈਪਟਨ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਕਰਦੇ ਤੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕਰਦੇ ਅਧਿਆਪਕਾਂ ਉੱਪਰ ਪਾਣੀ ਦੀਾਆਂ ਬੁਛਾਡ਼ਾਂ ਮਾਰਨਾਂ ਤੇ ਪੁਲਸ ਵੱਲੋਂ ਲਾਠੀਚਾਰਜ ਕਰਨਾ ਲੋਕਤੰਤਰ ਦਾ ਘਾਣ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜ਼ਿਲਾ ਸਕੱਤਰ ਜਨਰਲ ਦਲਵਿੰਦਰ ਸਿੰਘ ਸਿੱਧੂ ਨੇ ਆਖੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਪੰਜਾਬ ਦੀ ਜਨਤਾ ਖਾਸ ਕਰ ਕੇ ਮੁਲਾਜ਼ਮਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਠੰਡੇ ਬਸਤੇ ’ਚ ਪਾਇਆ ਹੋਇਆ ਹੈ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਤੇ ਉਦਯੋਗਪਤੀ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਸਡ਼ਕਾਂ ਤੇ ਰੇਲ ਮਾਰਗਾਂ ’ਤੇ ਪਹੁੰਚੇ ਹੋਏ ਹਨ, ਜਿਨ੍ਹਾਂ ਦੀ ਹੱਕ ਸੱਚ ਦੀ ਜੁਬਾਨ ਦਬਾਉਣ ਲਈ ਪੁਲਸ ਸ਼ਕਤੀ ਦੀ ਦੁਰਵਰਤੋਂ ਕਰਦਿਆਂ ਪ੍ਰਦਰਸ਼ਨਕਾਰੀਆਂ ’ਤੇ ਡਾਂਗਾਂ ਤੇ ਪਾਣੀ ਦੀਆਂ ਬੁਛਾਡ਼ਾਂ ਦਾ ਮੀਂਹ ਵਰ੍ਹਾ ਰਹੀ ਹੈ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਬਸਰਾ, ਇੰਦਰਜੀਤ ਸਿੰਘ ਮੰਨਣ, ਜਥੇ. ਅਮਰਜੀਤ ਸਿੰਘ ਢਪਈ, ਰਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸੋਖਾ, ਜਥੇ. ਇੰਦਰ ਸਿੰਘ ਤੋਗਾਂਵਾਲ, ਹਰਦੀਪ ਸਿੰਘ ਸਿਆਲ, ਜਥੇ. ਰਣਜੀਤ ਸਿੰਘ ਚਾਹਲ ਆਦਿ ਨੇ ਵੀ ਪਟਿਆਲਾ ਵਿਖੇ ਹੱਕ ਮੰਗਦੇ ਅਧਿਆਪਕਾਂ ਉੱਪਰ ਲਾਠੀਚਾਰਜ ਕਰਨ ਤੇ ਪਾਣੀ ਦੀਆਂ ਬੁਛਾਡ਼ਾਂ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਅਧਿਆਪਕਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਇਕ ਵਾਰ ਫਿਰ ਔਰੰਗਜ਼ੇਬ ਦੇ ਸ਼ਾਸਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਡਾਂਗਾਂ ਨਾਲ ਕੁੱਟਣ ਦੀ ਥਾਂ ਕੈਪਟਨ ਸਰਕਾਰ ਅਧਿਆਪਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰੇ ਤੇ ਮੰਗਾਂ ਨੂੰ ਫੌਰੀ ਤੌਰ ’ਤੇ ਮੰਨ ਲਵੇ।