‘ਮੰਗਾਂ ਨਾ ਮੰਨਣ ’ਤੇ ਲੋਕ ਸਭਾ ਚੋਣਾਂ ’ਚ ਕੀਤਾ ਜਾਵੇਗਾ ਕਾਂਗਰਸ ਪਾਰਟੀ ਦਾ ਵਿਰੋਧ’

02/12/2019 4:59:11 AM

ਕਪੂਰਥਲਾ (ਨਿੱਝਰ)-ਬਿਜਲੀ ਬੋਰਡ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 14 ਫਰਵਰੀ ਨੂੰ ਸੂਬਾ ਸਰਕਾਰ ਖਿਲਾਫ਼ ਰੱਖੇ ਰੋਸ ਵਿਖਾਵੇ ਸਬੰਧੀ ਜ਼ਿਲਾ ਕਪੂਰਥਲਾ ਦੇ ਸਰਕਲ ਦੀ ਮੀਟਿੰਗ ਰੱਖੀ ਗਈ। ਇਸ ਸਬੰਧੀ ਕਾਲਾ ਸੰਘਿਆਂ ਵਿਖੇ ਡਵੀਜ਼ਨ ਪ੍ਰਧਾਨ ਰੇਸ਼ਮ ਮਾਨ ਦੀ ਅਗਵਾਈ ਹੇਠ ਡਵੀਜ਼ਨ ਦੇ ਮੁੱਖ ਆਗੂਆਂ ਵੱਲੋਂ ਉਕਤ ਰੋਸ ਵਿਖਾਵੇ ਸਬੰਧੀ ਸਰਕਲ ਮੀਟਿੰਗ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਰੇਸ਼ਮ ਮਾਨ ਨੇ ਕਿਹਾ ਕੇ ਜੇਕਰ ਸਰਕਾਰ ਵੱਲੋਂ ਸਾਡੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰੱਖੇ ਰੋਸ ਵਿਖਾਵੇ ’ਚ ਕਾਲਾ ਸੰਘਿਆਂ ਅਤੇ ਕਪੂਰਥਲਾ ਤੋਂ ਸੇਵਾ ਮੁਕਤ ਮੁਲਾਜ਼ਮ ਵੱਧ ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਪਿਛਲਾ ਬਕਾਇਆ ਜਾਰੀ ਕਰਨ ਦੇ ਨਾਲ ਹੀ ਜੋ 2400 ਰੁਪਏ ਲਗਾਇਆ ਸਾਲਾਨਾ ਟੈਕਸ ਬੰਦ ਕਰੇ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਬਿਜਲੀ ਦੀਆਂ ਘਰੇਲੂ ਯੂਨਿਟਾਂ ’ਚ ਛੋਟ ਦੇਣ ਦੇ ਨਾਲ-ਨਾਲ ਬਾਕੀ ਮੰਗਾਂ ਤੁਰੰਤ ਪੂਰੀਆਂ। ਬਲਦੇਵ ਸਿੰਘ ਸਕੱਤਰ ਨੇ ਕਿਹਾ ਕੇ ਜੇਕਰ ਸੂਬਾ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕਰਦੀ ਹੈ ਤਾਂ ਆਉਣ ਵਾਲੀ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੋਵੇਗੀ। ਇਸ ਮੌਕੇ ਵਿੱਤ ਸਕੱਤਰ ਗੁਰਬਚਨ ਸਿੰਘ ਐਸੋਸੀਏਸ਼ਨ ਦੇ ਸੀਨੀਅਰ ਆਗੂ ਗੱਜਣ ਸਿੰਘ ਤੋਂ ਇਲਾਵਾ ਹੋਰ ਮੁਲਾਜ਼ਮ ਹਾਜ਼ਰ ਸਨ।