ਕਾਂਗਰਸ ਸਰਕਾਰ ਨੇ ਸੇਵਾ ਕੇਂਦਰ ਬੰਦ ਕਰ ਕੇ ਨੌਜਵਾਨ ਪੀੜ੍ਹੀ ਕੀਤੀ ਬੇਰੋਜ਼ਗਾਰ : ਰਣੀਕੇ

01/20/2019 12:55:50 PM

ਕਪੂਰਥਲਾ (ਰਜਿੰਦਰ, ਬੱਬਲਾ)-ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਨੇ ਘਰ-ਘਰ ਨੌਕਰੀ ਤਾਂ ਕੀ ਦੇਣੀ ਸੀ, ਸਗੋਂ ਪੇਂਡੂ ਇਲਾਕਿਆਂ ’ਚ ਲੱਗੇ ਸੇਵਾ ਕੇਂਦਰ ਬੰਦ ਕਰਦਿਆਂ 5 ਹਜ਼ਾਰ ਦੇ ਕਰੀਬ ਨੌਜਵਾਨ ਪੀੜ੍ਹੀ ਨੂੰ ਬੇਰੋਜ਼ਗਾਰ ਕਰ ਕੇ ਰੱਖ ਦਿੱਤਾ ਹੈ, ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਕੀਤਾ। ਰਣੀਕੇ ਅੱਜ ਇਥੋਂ ਦੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਵਿਖੇ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ ਭਰ ਦੇ ਪੇਂਡੂ ਇਲਾਕਿਆਂ ਵਿਚ ਸਰਕਾਰ ਵਲੋਂ ਸੇਵਾ ਕੇਂਦਰ ਖੋਲ੍ਹੇ ਗਏ ਸਨ ਕਿ ਲੋਕਾਂ ਦੇ ਕੰਮ ਪਿੰਡਾਂ ਵਿਚ ਹੀ ਹੋ ਜਾਣ ਤੇ ਉਨ੍ਹਾਂ ਨੂੰ ਸ਼ਹਿਰਾਂ ਵਿਚ ਨਾ ਜਾਣਾ ਪਵੇ ਪਰ ਕੈਪਟਨ ਸਰਕਾਰ ਨੇ ਆਉਂਦੇ ਸਾਰ ਹੀ ਇਹ ਸੇਵਾ ਕੇਂਦਰ ਬੰਦ ਕਰ ਕੇ ਪਹਿਲਾਂ ਤੋਂ ਨੌਕਰੀ ’ਤੇ ਲੱਗੀ ਨੌਜਵਾਨ ਪੀੜ੍ਹੀ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ। ਆਪਣੇ ਸੰਬੋਧਨ ਵਿਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਹਲਕਾ ਭੁਲੱਥ ਦੀ ਸਾਬਕਾ ਵਿਧਾਇਕਾ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਦੀ ਸਾਰ ਤਾਂ ਕੀ ਲੈਣੀ ਹੈ, ਇਥੇ ਤਾਂ ਕਾਂਗਰਸ ਦੇ ਹਲਕਾ ਇੰਚਾਰਜਾਂ ਦਾ ਰੌਲਾ ਹੀ ਪਿਆ ਹੋਇਆ ਹੈ ਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਥੇ ਹਲਕਾ ਇੰਚਾਰਜ ਹੈ ਕੌਣ? ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਸਬੰਧੀ 29 ਜਨਵਰੀ ਨੂੰ ਹਲਕਾ ਭੁਲੱਥ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਕੀਤੀ ਜਾਵੇਗੀ ਤੇ ਵਰਕਰਾਂ ਨੂੰ ਨਵੀਆਂ ਵੋਟਾਂ ਬਣਾਉਣ ਬਾਰੇ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਐੱਸ. ਸੀ. ਵਿੰਗ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖਾਂ, ਜਥੇ. ਸਵਰਨ ਸਿੰਘ ਜੋਸ਼, ਸਰਕਲ ਪ੍ਰਧਾਨ ਸੁਖਵੰਤ ਸਿੰਘ ਤੱਖਰ, ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ, ਕੌਂਸਲਰ ਦਲਜੀਤ ਸਿੰਘ ਖਾਲਸਾ, ਓਂਕਾਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਤਲਵੰਡੀ, ਵਿਕਾਸ ਜੁਲਕਾ, ਅਜੀਤ ਰਾਮ ਨੌਰੰਗਪੁਰ, ਜਗਤ ਸਿੰਘ, ਰਾਜਨ ਹਬੀਬਵਾਲ, ਭੁੱਲਾ ਸਿੰਘ ਤੇ ਨਰਿੰਦਰਜੀਤ ਸਿੰਘ ਗੁੱਲੂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।