ਇਸ ਪਿੰਡ ''ਚ ਸਾਮਾਨ ਵੇਚਣ ਆਉਣ ਵਾਲਿਆਂ ਨੂੰ ਦੇਣ ਪਵੇਗਾ ਟੈਕਸ

06/21/2019 11:26:04 AM

ਕਪੂਰਥਲਾ (ਓਬਰਾਏ) - ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਪਿੰਡ ਦੀ ਪੰਚਾਇਤ ਵਲੋਂ ਲਿਆ ਗਿਆ ਫੈਸਲਾ ਪਿੰਡ ਵਾਲਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਅਤੇ ਮੇਮ੍ਬਰਾਂ ਨੇ ਮਿਲ ਕੇ ਪਿੰਡ 'ਚ ਆਉਣ ਵਾਲੇ ਫੇਰੀ ਵਾਲਿਆਂ ਤੋਂ ਟੈਕਸ ਵਸੂਲ ਕਰਨ ਦਾ ਫੈਸਲਾ ਲਿਆ ਹੈ। ਉਹ ਛੋਟੇ ਸਾਧਨਾਂ ਤੋਂ 20 ਤੋਂ 30 ਅਤੇ ਵੱਡੇ ਸਾਧਨਾਂ ਤੋਂ 50 ਰੁਪਏ ਦਾ ਟੈਕਸ ਵਸੂਲ ਕਰਨਗੇ। ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਤੋਂ ਬਾਅਦ ਫੇਰੀ ਵਾਲਿਆਂ ਨੇ ਪਿੰਡ 'ਚ ਆਉਣਾ ਬੰਦ ਕਰ ਦਿੱਤਾ, ਜਿਸ ਸਕਦਾ ਪਿੰਡ 'ਚ ਹੁਣ ਨਾ ਤਾਂ ਕੋਈ ਸਬਜ਼ੀ ਵੇਚਣ ਆਉਂਦਾ ਹੈ ਅਤੇ ਨਾ ਹੀ ਕੋਈ ਹੋਰ ਸਾਮਾਨ ਵੇਚਣ ਵਾਲਾ।  

ਇਸ ਸਬੰਧ 'ਚ ਜਦੋਂ ਪਿੰਡ ਨੰਗਲ ਲੁਬਾਣਾ ਦੇ ਬਾਹਰ ਚੌਕ 'ਤੇ ਖੜ੍ਹੇ ਫੇਰੀ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਲਗਾਏ ਗਏ ਟੈਕਸ ਕਾਰਨ ਉਨ੍ਹਾਂ ਪਿੰਡ 'ਚ ਜਾਣਾ ਬੰਦ ਕਰ ਦਿੱਤਾ ਹੈ। ਜਦੋਂ ਤੱਕ ਪਿੰਡ ਵਾਲਿਆਂ ਵਲੋਂ ਟੈਕਸ ਨਹੀਂ ਹਟਾਇਆ ਜਾਂਦਾ, ਉਹ ਪਿੰਡ 'ਚ ਨਹੀਂ ਜਾਣਗੇ। ਸਬਜ਼ੀ ਅਤੇ ਜ਼ਰੂਰੀ ਸਾਮਾਨ ਨਾ ਮਿਲਣ ਕਾਰਨ ਪਿੰਡ ਦੇ ਲੋਕ ਸਬਜ਼ੀ ਅਤੇ ਬਾਕੀ ਸਾਮਾਨ ਖਰੀਦਣ ਲਈ ਸ਼ਹਿਰ ਜਾਣ ਨੂੰ ਮਜ਼ਬੂਰ ਹੋ ਜਾਣਗੇ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ। ਪੰਚਾਇਤ ਘਰ ਦੇ ਦੋਵਾਂ ਗੇਟਾਂ 'ਤੇ ਵੀ ਤਾਲੇ ਲਟਕ ਰਹੇ ਸਨ। ਪਿੰਡ ਦੇ ਸਰਪੰਚ ਤੋਂ ਬਾਅਦ ਅਸੀਂ ਪੰਚਾਇਤ ਦੇ ਕਈ ਮੇਮ੍ਬਰਾਂ ਨਾਲ ਸੰਪਰਕ ਕੀਤਾ ਪਰ ਕੋਈ ਵੀ ਕੈਮਰੇ ਅੱਗੇ ਬੋਲਣ ਲਈ ਰਾਜ਼ੀ ਨਹੀਂ ਹੋਇਆ। ਇਸ ਦੌਰਾਨ ਕਪੂਰਥਲਾ ਡੀ.ਸੀ. ਡੀ.ਪੀ.ਐੱਸ. ਖਰਬੰਦਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਸਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਜੇਕਰ ਕਿਸੇ ਗਲਤ ਟੈਕਸ ਲਗਾਉਣ ਦੇ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਬੰਦ ਕਰਵਾ ਦੇਣਗੇ।

rajwinder kaur

This news is Content Editor rajwinder kaur