ਚਮੜਾ ਸਨਅਤਾਂ ਦਾ ਜ਼ਹਿਰੀਲਾ ਪਾਣੀ ਬਣ ਰਿਹੈ ਲੋਕਾਂ ਲਈ ਜਾਨ ਦਾ ਖੌਅ

08/02/2019 2:34:48 PM

ਕਪੂਰਥਲਾ - ਕਾਲਾ ਸੰਘਿਆਂ ਅਤੇ ਚਿੱਟੀ ਵੇਈ 'ਚ ਚਮੜਾ ਸਨਅਤਾਂ ਦਾ ਪੈ ਰਿਹਾ ਜ਼ਹਿਰੀਲਾ ਪਾਣੀ ਲੋਕਾਂ ਦੀ ਜਾਨ ਦਾ ਖੌਅ ਬਣਦਾ ਜਾ ਰਿਹਾ ਹੈ, ਜਿਸ ਕਾਰਨ ਕਾਲਾ ਸੰਘਿਆ ਡਰੇਨ ਕੰਢੇ ਵਸਦੇ ਪਿੰਡਾਂ 'ਚ ਰੋਜ਼ ਵੈਣ ਪੈਂਦੇ ਹਨ। ਇਸ ਜ਼ਹਿਰੀਲੇ ਪਾਣੀ ਨਾਲ ਹੋਏ ਕੈਂਸਰ ਕਾਰਨ ਮਰਨ ਵਾਲਿਆਂ ਦੇ ਘਰ ਪੈ ਰਹੇ ਇਨ੍ਹਾਂ ਵੈਣਾਂ ਨੂੰ ਨਾ ਤਾਂ ਪੰਜਾਬ ਪ੍ਰਦੂਸ਼ਣ ਬੋਰਡ ਸੁਣ ਰਿਹਾ ਹੈ ਅਤੇ ਨਾ ਹੀ ਪੰਜਾਬ ਸਰਕਾਰ। ਉਕਤ ਲੋਕ ਕਾਲਾ ਸੰਘਿਆਂ 'ਚ ਵਗ ਰਹੀਆਂ ਜ਼ਹਿਰਾਂ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੱਡਾ ਦੋਸ਼ੀ ਮੰਨ ਰਹੀਆਂ ਹਨ, ਕਿਉਂਕਿ ਚਮੜੇ ਦੀਆਂ ਸਨਅਤਾਂ 'ਚੋਂ ਰਾਤ ਦੇ ਸਮੇਂ ਛੱਡਿਆ ਜਾਂਦਾ ਜ਼ਹਿਰੀਲਾ ਪਾਣੀ ਪਿੰਡਾਂ 'ਚ ਸੁੱਤੇ ਲੋਕਾਂ ਦਾ ਸਾਹ ਘੁੱਟ ਰਿਹਾ ਹੈ। ਪਿੰਡਾਂ 'ਚ ਵਸਦੇ ਪੀੜਤ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਤਾਂ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਦੀ ਸੀ ਪਰ ਉਹ ਨੌਕਰੀ ਦੀ ਥਾਂ ਹਰ ਰੋਜ਼ ਮੌਤ ਭੇਜ ਰਹੀ ਹੈ।

ਇਸ ਦੌਰਾਨ ਪਿੰਡ ਚਮਿਆਰਾ ਦੇ ਸਰਪੰਚ ਨੇ ਦੱਸਿਆ ਕਿ ਪਿੰਡ 'ਚ ਅਜਿਹਾ ਕੋਈ ਘਰ ਨਹੀਂ, ਜਿੱਥੇ ਸਾਰਾ ਪਰਿਵਾਰ ਗੋਲੀਆਂ ਦਾ ਥੱਬਾ ਨਾ ਖਾਂਦਾ ਹੋਵੇ। ਪਿੰਡ 'ਚ ਕੈਂਸਰ ਨਾਲ 25 ਤੋਂ ਵੱਧ ਮੌਤਾਂ ਹੋ ਜਾਣ ਕਾਰਨ ਉਹ ਸਰਕਾਰਾਂ ਤੇ ਅਫ਼ਸਰਾਂ ਨੂੰ ਦੁਹਾਈਆਂ ਪਾ ਕੇ ਥੱਕ ਚੁੱਕੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਪਿੰਡ ਜਹਾਂਗੀਰ ਦੇ ਸਰਪੰਚ ਨੇ ਕਿਹਾ ਕਿ ਪਿਡ ਕੋਲੋਂ ਲੰਘਦੀ ਚਿੱਟੀ ਵੇਈਂ ਕਾਰਨ ਘਰਾਂ ਦੇ ਬਰਤਨ, ਲੋਹੇ ਦੇ ਗੇਟ, ਖੰਭੇ ਤੇ ਹੋਰ ਲੋਹੇ ਦਾ ਸਾਮਾਨ ਜ਼ਹਿਰੀਲੀ ਹਵਾ ਨਾਲ ਹੀ ਗਲ਼ ਰਿਹਾ ਹੈ। ਉਨ੍ਹਾਂ ਦੇ ਪਿੰਡ 'ਚੋਂ 26 ਲੋਕਾਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦਾ ਉਨ੍ਹਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਆਖ਼ਰੀ ਸਟੇਜ 'ਤੇ ਹੁੰਦਾ ਹੈ। ਪਿੰਡ ਵਿਚ ਹੁਣ ਵੀ ਕੈਂਸਰ ਦੇ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਕਰਨਾ ਔਖਾ ਹੈ। ਇਹੋ ਹਾਲ ਗਾਜੀਪੁਰ, ਬਲੇਰ ਖਾਨਪੁਰ, ਅਠੌਲਾ, ਦੇਸਰਪੁਰ ਆਦਿ ਪਿੰਡਾਂ ਦਾ ਹੈ।ਪਿੰਡ ਗਿੱਲਾਂ ਦੇ ਬਾਬਾ ਬਲਦੇਵ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਕਾਲਾ ਸੰਘਿਆਂ ਡਰੇਨ ਦੁਆਲੇ 265 ਪਿੰਡ ਹਨ, ਜਿੱਥੇ ਮੌਤ ਹਰ ਰੋਜ਼ ਸੱਥਰ ਵਿਛਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਮੂੰਹ ਕਥਿਤ ਤੌਰ 'ਤੇ ਪੈਸੇ ਦੇ ਕੇ ਬੰਦ ਕਰ ਦਿੱਤਾ ਜਾਂਦਾ ਹੈ।

ਕਾਲਾ ਸੰਘਿਆਂ ਡਰੇਨ ਤੇ ਚਿੱਟੀ ਵੇਈਂ 'ਚ ਪੈ ਰਹੇ ਜ਼ਹਿਰੀਲੇ ਪਾਣੀਆਂ ਵਿਰੁੱਧ 2008 ਤੋਂ ਸੰਘਰਸ਼ ਕਰਦੇ ਆ ਰਹੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਸਤੀ ਪੀਰ ਦਾਦ 'ਚ ਲੱਗਾ 50 ਐੱਮ.ਐੱਲ.ਡੀ. ਦਾ ਟਰੀਟਮੈਂਟ ਪਲਾਂਟ ਅੱਜ ਵੀ ਬੰਦ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ ਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਰਹੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜਨੀਅਰ ਹਰਬੀਰ ਸਿੰਘ ਨੇ ਦੱਸਿਆ ਕਿ ਪੰਜ ਥਾਵਾਂ ਤੋਂ ਅਜੇ ਵੀ ਕਾਲਾ ਸੰਘਿਆਂ ਡਰੇਨ 'ਚ ਫੋਕਲ ਪੁਆਇੰਟ ਦੇ ਦੋ ਮੋਘੇ ਪੈ ਰਹੇ ਹਨ ਜਦਕਿ ਕਾਰਪੋਰੇਸ਼ਨ ਦੇ ਪੰਜ ਮੋਘੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਰੋਕਣ ਲਈ ਤਿੰਨ-ਚਾਰ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।  

rajwinder kaur

This news is Content Editor rajwinder kaur