ਕਨਵਰ ਗਰੇਵਾਲ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਵੱਡੇ ਰਾਜ਼, ਜਾਣੋ ਕਿਵੇਂ ਵਿਕੀ 5 ਕਿੱਲੇ ਜ਼ਮੀਨ (ਵੀਡੀਓ)

12/29/2020 1:29:33 PM

ਪੰਜਾਬੀ ਗਾਇਕ ਕਨਵਰ ਗਰੇਵਾਲ ਕਿਸਾਨ ਅੰਦੋਲਨ ’ਚ ਸ਼ੁਰੂ ਤੋਂ ਲੈ ਕੇ ਹੁਣ ਤਕ ਡਟੇ ਹੋਏ ਹਨ। ਨੌਜਵਾਨਾਂ ’ਚ ਜੋਸ਼ ਭਰਨ ’ਚ ਕਨਵਰ ਗਰੇਵਾਲ ਨੇ ਵੱਡੀ ਭੂਮਿਕਾ ਨਿਭਾਈ ਹੈ। ਦਿੱਲੀ ਵਿਖੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਕਨਵਰ ਗਰੇਵਾਲ ਨਾਲ ਸਾਡੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਖਾਸ ਗੱਲਬਾਤ ਕੀਤੀ ਗਈ, ਜਿਸ ’ਚ ਕਨਵਰ ਗਰੇਵਾਲ ਨੇ ਕਿਸਾਨ ਅੰਦੋਲਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ।

ਲੋਕ ਗਾਇਕ ਉਹ, ਜੋ ਲੋਕਾਂ ’ਚ ਰਹਿ ਕੇ ਗਾਵੇ
ਕਨਵਰ ਗਰੇਵਾਲ ਨੇ ਕਿਹਾ, ‘ਮੈਨੂੰ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਹਾਂ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਇਹ ਮੇਰਾ ਫਰਜ਼ ਸੀ। ਲੋਕ ਪਹਿਲਾਂ ਕਲਾਕਾਰਾਂ ਨਾਲ ਇੰਨੇ ਹੀ ਜੁੜੇ ਸਨ ਕਿ ਉਨ੍ਹਾਂ ਦੇ ਗੀਤ ਸੁਣ ਲੈਂਦੇ ਸਨ, ਉਨ੍ਹਾਂ ਨੂੰ ਸ਼ੋਅ ’ਚ ਬੁਲਾ ਲੈਂਦੇ ਸਨ ਤੇ ਕਲਾਕਾਰ ਵੀ 5-7 ਬਾਊਂਸਰਾਂ ਨਾਲ ਸ਼ੋਅ ਲਗਾ ਕੇ ਚਲਾ ਜਾਂਦਾ ਸੀ। ਜਦੋਂ ਤੋਂ ਮੈਂ ਗਾਇਕੀ ਕਰਨ ਲੱਗਾ ਹਾਂ, ਉਦੋਂ ਤੋਂ ਲੋਕ ਮੈਨੂੰ ‘ਲੋਕ ਗਾਇਕ’ ਕਹਿੰਦੇ ਹਨ ਤੇ ਲੋਕ ਗਾਇਕ ਉਹੀ ਹੁੰਦਾ ਹੈ, ਜੋ ਲੋਕਾਂ ’ਚ ਰਹਿ ਕੇ ਗਾਵੇ।’

ਹਰਫ ਚੀਮਾ ਦੇ ਰੂਪ ’ਚ ਮਿਲਿਆ ਭਰਾਵਾਂ ਵਰਗਾ ਯਾਰ
ਕਨਵਰ ਗਰੇਵਾਲ ਨੇ ਅੱਗੇ ਕਿਹਾ, ‘ਅੱਜ ਮੇਰੇ ਸੂਬੇ ਤੇ ਮੇਰੇ ਪਰਿਵਾਰ ’ਤੇ ਇੰਨੀ ਵੱਡੀ ਮੁਸੀਬਤ ਸੀ, ਜੇ ਮੈਂ ਘਰ ਬੈਠਾ ਰਹਿੰਦਾ ਤਾਂ ਮੇਰੀ ਜ਼ਮੀਰ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਣੀ ਸੀ। ਪ੍ਰਾਮਤਮਾ ਦੀ ਮਿਹਰਬਾਨੀ ਹੈ ਕਿ ਉਸ ਨੇ ਮੈਨੂੰ ਕਿਸਾਨ ਅੰਦੋਲਨ ’ਚ ਭੇਜਿਆ, ਮੇਰੇ ਕੋਲੋਂ ਅੱਜ ਦੇ ਮਾਹੌਲ ’ਤੇ ਗੀਤ ਗਵਾ ਲਏ ਤੇ ਅੰਦੋਲਨ ’ਚ ਹਰਫ ਚੀਮਾ ਦੇ ਰੂਪ ’ਚ ਭਰਾਵਾਂ ਵਰਗਾ ਯਾਰ ਮਿਲਾ ਦਿੱਤਾ।’

ਜ਼ਮੀਨ ਤੇ ਖੇਤੀ ਬਿਨਾਂ ਪੰਜਾਬ ਨੂੰ ਨਹੀਂ ਦੇਖ ਸਕਦੇ
ਕਨਵਰ ਗਰੇਵਾਲ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਪੰਜਾਬ ’ਚ ਮਸਲੇ ਤੇ ਅੰਦੋਲਨ ਬਹੁਤ ਸਾਰੇ ਚੱਲ ਰਹੇ ਹਨ ਪਰ ਜਦੋਂ ਮਿੱਟੀ ਦੀ ਗੱਲ ਆਈ ਤਾਂ ਉਨ੍ਹਾਂ ਕੋਲੋਂ ਰਿਹਾ ਨਹੀਂ ਗਿਆ। ਉਨ੍ਹਾਂ ਕਿਹਾ ਕਿ ਮਿੱਟੀ ਨੂੰ ਮਾਂ ਮੰਨਿਆ ਜਾਂਦਾ ਹੈ ਤੇ ਜੇ ਸਾਡੀ ਮਿੱਟੀ ਨਹੀਂ ਰਹੇਗੀ ਤਾਂ ਪੰਜਾਬ ਵੀ ਨਹੀਂ ਰਹੇਗਾ ਕਿਉਂਕਿ ਜ਼ਮੀਨ ਤੇ ਖੇਤੀ ਤੋਂ ਬਿਨਾਂ ਅਸੀਂ ਪੰਜਾਬ ਨੂੰ ਨਹੀਂ ਦੇਖ ਸਕਦੇ। ਹਰ ਇਕ ਖਿੱਤੇ ਨੂੰ ਰੰਗ ਮਿੱਟੀ ਦਾ ਹੀ ਚੜ੍ਹਿਆ ਹੈ।

5 ਕਿੱਲਿਆਂ ਦੇ ਨਾਲ-ਨਾਲ ਵਿਕ ਗਿਆ ਸੀ ਘਰ
ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਕਨਵਰ ਗਰੇਵਾਲ ਨੇ ਕਿਹਾ, ‘ਮੈਂ ਖੇਤੀ ਨਹੀਂ ਕੀਤੀ ਪਰ ਮੈਂ ਆਪਣੇ ਪਿਤਾ ਲਈ ਛੋਟੇ ਹੁੰਦੇ ਦੁਪਹਿਰ ਦੀ ਰੋਟੀ ਤੇ ਸ਼ਾਮ ਦੀ ਚਾਹ ਖੇਤਾਂ ’ਚ ਲੈ ਕੇ ਜਾਂਦਾ ਸੀ। ਉਦੋਂ ਮੈਂ ਇਹੀ ਦੇਖਦਾ ਸੀ ਕਿ ਕਿਵੇਂ ਖੇਤੀ ਹੁੰਦੀ ਹੈ, ਕਿਵੇਂ ਪਾਣੀ ਲੱਗਦਾ ਹੈ, ਕਿਵੇਂ ਸਪ੍ਰੇਅ ਹੁੰਦੀ ਹੈ ਤੇ ਕਿਵੇਂ ਰੇਹਾਂ ਹੁੰਦੀਆਂ ਹਨ। ਸਾਡੇ ਕੋਲ 5 ਕਿੱਲੇ ਹੁੰਦੇ ਸਨ ਤੇ ਇਨ੍ਹਾਂ 5 ਕਿੱਲਿਆਂ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਹਾਲਾਂਕਿ ਜਦੋਂ ਮੈਂ ਯੂਨੀਵਰਸਿਟੀ ’ਚ ਵੀ ਤਾਂ ਸਾਡੇ 5 ਕਿੱਲੇ ਵਿਕ ਗਏ ਤੇ ਘਰ ਵੀ ਵਿਕ ਗਿਆ।’

ਸਿਰਫ ਇਹੀ ਨਹੀਂ, ਇਸ ਤੋਂ ਇਲਾਵਾ ਵੀ ਕਨਵਰ ਗਰੇਵਾਲ ਨੇ ਇੰਟਰਵਿਊ ’ਚ ਖਾਸ ਗੱਲਾਂ ਸਾਂਝੀਆਂ ਕੀਤੀਆਂ ਹਨ, ਜੋ ਤੁਸੀਂ ਖ਼ਬਰ ਨਾਲ ਦਿੱਤੀ ਵੀਡੀਓ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh