‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਨੂੰ ਵੇਖ ਕੰਗਨਾ ਰਣੌਤ ਨੇ ਘੇਰਿਆ ਦਿਲਜੀਤ ਤੇ ਪਿ੍ਰਯੰਕਾ ਨੂੰ, ਦਿੱਤੀਆਂ ਵਧਾਈਆਂ

01/28/2021 8:59:00 AM

ਨਵੀਂ ਦਿੱਲੀ : ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ‘ਟਰੈਕਟਰ ਮਾਰਚ’ ਦਾ ਹਿੱਸਾ ਬਣੇ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ’ਤੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਇਸ ਦੀ ਨਿੰਦਿਆ ਕਰ ਰਹੇ ਹਨ।

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅਦਾਕਾਰ ਅਤੇ ਗਾਇਕਾ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਦਿੱਲੀ ਵਿਚ ਕਿਸਾਨਾਂ ਦੇ 'ਟਰੈਕਟਰ ਪਰੇਡ' ਵਿਚ ਹੋਏ ਹੰਗਾਮੇ ਲਈ ਨਿਸ਼ਾਨਾ ਬਣਾਇਆ। ਉਸ ਨੇ ਟਵੀਟ 'ਚ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਇਕ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦਾ ਜ਼ਿਕਰ ਕਰਦਿਆਂ ਕੰਗਨਾ ਨੇ ਪ੍ਰਿਯੰਕਾ ਅਤੇ ਦਿਲਜੀਤ ਤੋਂ ਸਵਾਲ ਕੀਤਾ ਹੈ।

ਕੰਗਨਾ ਰਣੌਤ ਨੇ ਟਵੀਟ ਕੀਤਾ, "ਤੁਹਾਨੂੰ ਇਹ ਸਭ ਸਮਝਾਉਣ ਦੀ ਜ਼ਰੂਰਤ ਹੈ। ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ। ਅੱਜ ਪੂਰੀ ਦੁਨੀਆ ਸਾਡੇ 'ਤੇ ਹੱਸ ਰਹੀ ਹੈ। ਤੁਹਾਨੂੰ ਇਹ ਹੀ ਚਾਹੀਦਾ ਸੀ। ਮੁਬਾਰਕ ਹੋਵੇ।"

ਕੰਗਨਾ ਰਣੌਤ ਨੇ ਆਪਣੇ ਇੱਕ ਹੋਰ ਟਵੀਟ 'ਚ ਲਿਖਿਆ, “6 ਬ੍ਰਾਂਡਾਂ ਨੇ ਮੇਰੇ ਨਾਲ ਆਪਣਾ ਸਮਝੌਤਾ ਰੱਦ ਕਰ ਦਿੱਤਾ। ਕੁਝ ਮੈਂ ਹਸਤਾਖਰ ਕੀਤੇ ਸੀ ਅਤੇ ਕੁਝ ਹੋਣ ਵਾਲੇ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ, ਇਸ ਲਈ ਉਹ ਮੈਨੂੰ ਅੰਬੇਸੈਡਰ ਨਹੀਂ ਬਣਾ ਸਕਦੇ।" ਕੰਗਨਾ ਰਣੌਤ ਨੇ ਅੱਗੇ ਲਿਖਿਆ, "ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਭਾਰਤੀ ਜੋ ਇਸ ਤਰ੍ਹਾਂ ਦੇ ਦੰਗਿਆਂ ਦਾ ਸਮਰਥਨ ਕਰ ਰਿਹਾ ਹੈ, ਉਹ ਵੀ ਇੱਕ ਅੱਤਵਾਦੀ ਹੈ, ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਹਨ।"

ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।

sunita

This news is Content Editor sunita