ਕੰਢੀ ਏਰੀਆ 'ਚ ਹਰ ਘਰ ਪਹੁੰਚੇਗਾ 'ਨਹਿਰੀ ਪਾਣੀ', ਵਰਲਡ ਬੈਂਕ ਰਾਹੀਂ ਯੋਜਨਾ ਹੋਵੇਗੀ ਸਾਕਾਰ

05/12/2023 10:11:53 AM

ਚੰਡੀਗੜ੍ਹ (ਅਸ਼ਵਨੀ ਕੁਮਾਰ) – ਲਗਾਤਾਰ ਡਿੱਗਦੇ ਭੂਜਲ ਅਤੇ ਪਾਣੀ ਦੀ ਖ਼ਰਾਬ ਹੁੰਦੀ ਗੁਣਵੱਤਾ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਨੇ ਕੰਢੀ ਏਰੀਆ ਵਿਚ ਨਹਿਰੀ ਪਾਣੀ ਦੀ ਸਪਲਾਈ ਦਾ ਬੀੜਾ ਚੁੱਕਿਆ ਹੈ। ਵਰਲਡ ਬੈਂਕ ਦੀ ਮਦਦ ਨਾਲ ਸਰਕਾਰ ਇਸ ਯੋਜਨਾ ਨੂੰ ਸਾਕਾਰ ਕਰੇਗੀ। ਬਕਾਇਦਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੇ ਪ੍ਰਸਤਾਵਿਤ ਯੋਜਨਾ ਦਾ ਬਲੂ ਪ੍ਰਿੰਟ ਤਿਆਰ ਕਰਕੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਭੇਜ ਦਿੱਤਾ ਹੈ। ਛੇਤੀ ਹੀ ਇਸ ਨੂੰ ਵਿਤ ਵਿਭਾਗ ਨੂੰ ਭੇਜਿਆ ਜਾਵੇਗਾ, ਜਿੱਥੇ ਮਨਜ਼ੂਰੀ ਮਿਲਦੇ ਹੀ ਇਸ ਨੂੰ ਫਾਈਨਲ ਅਪਰੂਵਲ ਲਈ ਭਾਰਤ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਤਾਂ ਕਿ ਵਰਲਡ ਬੈਂਕ ਰਾਹੀਂ ਯੋਜਨਾ ਨੂੰ ਅਮਲ ਵਿਚ ਲਿਆਂਦਾ ਜਾ ਸਕੇ।

ਇਹ ਵੀ ਪੜ੍ਹੋ- ਥਾਣੇਦਾਰ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਕੰਢੀ ਦੀ ਇਹ ਯੋਜਨਾ ਇਸ ਲਈ ਵੀ ਅਹਿਮ ਹੈ ਕਿਉਂਕਿ ਕੰਢੀ ਏਰੀਆ ਦੇ ਵੱਡੇ ਇਲਾਕੇ ਵਿਚ ਭੂਜਲ ਦਾ ਪੱਧਰ ਤੇਜ਼ੀ ਨਾਲ ਡਿੱਗ ਗਿਆ ਹੈ। ਨਾਲ ਹੀ ਭੂਜਲ ਦੀ ਗੁਣਵੱਤਾ ਵੀ ਵਿਗੜ ਰਹੀ ਹੈ। ਉਂਝ ਤਾਂ ਪੰਜਾਬ ਸਰਕਾਰ ਪੂਰੇ ਕੰਢੀ ਏਰੀਆ ਵਿਚ ਹੀ ਢਾਂਚਾਗਤ ਸੁਧਾਰ ਅਤੇ ਸੇਵਾ ਵਿਸਥਾਰ ਦੀ ਨੀਤੀ ’ਤੇ ਕੰਮ ਕਰੇਗੀ ਪਰ ਪਹਿਲੇ ਪੜਾਅ ਵਿਚ 25 ਪਾਣੀ ਸਪਲਾਈ ਸਕੀਮਾਂ ’ਤੇ ਫੋਕਸ ਕੀਤਾ ਜਾਵੇਗਾ। ਇਸ ਵਿਚ 12 ਸਿੰਗਲ ਵਿਲੇਜ ਵਾਟਰ ਸਪਲਾਈ ਅਤੇ 13 ਮਲਟੀਵਿਲੇਜ ਵਾਟਰ ਸਪਲਾਈ ਸਕੀਮਾਂ ਸ਼ਾਮਲ ਰਹਿਣਗੀਆਂ। ਇਸ ਦੇ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ, ਰੋਪੜ ਅਤੇ ਐੱਸ. ਐੱਸ. ਐੱਸ. ਨਗਰ ਨੂੰ ਕਵਰ ਕੀਤਾ ਜਾਵੇਗਾ।

ਮੌਜੂਦਾ ਸਕੀਮਾਂ ’ਤੇ ਹੋਵੇਗਾ ਕੰਮ 
ਉਥੇ ਹੀ ਮੌਜੂਦਾ ਸਮੇਂ ਵਿਚ ਚੱਲ ਰਹੀ ਭੂਜਲ ਅਤੇ ਸਤ੍ਹੀ ਪਾਣੀ ਦੀ ਸਪਲਾਈ ਸਕੀਮ ਦੀ ਹਾਲਤ ਅਤੇ ਕਾਰਜਪ੍ਰਣਾਲੀ ਨੂੰ ਰਿਵਿਊ ਕਰਦਿਆਂ ਇਨ੍ਹਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਸਮੇਤ ਸੰਸਥਾਗਤ ਵਿਵਸਥਾ ’ਤੇ ਵੀ ਕੰਮ ਹੋਵੇਗਾ।
ਖ਼ਾਸ ਤੌਰ ’ਤੇ ਵਾਟਰ ਟ੍ਰੀਟਮੈਂਟ ਸਿਸਟਮ, ਡਿਸਟ੍ਰੀਬਿਊਸ਼ਨ ਨੈੱਟਵਰਕ, ਪੰਪਿੰਗ ਮਸ਼ੀਨ ਦੀ ਕਵਾਲਿਟੀ, ਪਲਾਨਿੰਗ ਸਿਸਟਮ ਦਾ ਪੜ੍ਹਾਈ ਕਰਦਿਆਂ ਘੱਟ ਤੋਂ ਘੱਟ 10 ਘੰਟੇ ਤੱਕ ਅਤੇ ਵੱਧ ਤੋਂ ਵੱਧ 24 ਘੰਟੇ ਤੱਕ ਪਾਣੀ ਦੀ ਸਪਲਾਈ ’ਤੇ ਵਿਚਾਰ ਹੋਵੇਗਾ।

ਇਹ ਵੀ ਪੜ੍ਹੋ- ਮਾਮਲਾ ਨੌਜਵਾਨ ਦੇ ਕਤਲ ਦਾ, ਪੀੜਤ ਪਰਿਵਾਰ ਨੇ ਕਿਹਾ-ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਆਤਮਦਾਹ

10 ਫੀਸਦੀ ਹਿੱਸਾ ਕੰਢੀ ਖ਼ੇਤਰ ਵਿਚ
ਵੇਖਿਆ ਜਾਵੇ ਤਾਂ ਪੰਜਾਬ ਦਾ ਕਰੀਬ 10 ਫੀਸਦੀ ਹਿੱਸਾ ਕੰਢੀ ਏਰੀਆ ਵਿਚ ਆਉਂਦਾ ਹੈ। ਇੱਥੇ ਛੋਟੀ ਕਿਸਾਨੀ ਹੈ, ਜੋ ਟਿਊਬਵੈਲ ਦੇ ਭਰੋਸੇ ਹੈ। ਪੇਅਜਲ ਦਾ ਜਿਆਦਾਤਰ ਹਿੱਸਾ ਵੀ ਟਿਊਬਵੈੱਲ ਆਧਾਰਿਤ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਭੂਜਲ ਦੀ ਵਰਤੋਂ ਨੂੰ ਦੇਖਦਿਆਂ ਇਕ ਅਨੁਮਾਨ ਮੁਤਾਬਿਕ ਆਉਣ ਵਾਲੇ ਕੁੱਝ ਸਾਲਾਂ ਵਿਚ ਭੂਜਲ ਦੇ ਭਰੋਸੇ ਪੇਅਜਲ ਸਪਲਾਈ ਕਰ ਸਕਣਾ ਸੰਭਵ ਨਹੀਂ ਰਹੇਗਾ। ਇਸ ਲਈ ਪੰਜਾਬ ਸਰਕਾਰ ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਹੁਣ ਤੋਂ ਹੀ ਸਤ੍ਹੀ ਪਾਣੀ ਨੂੰ ਪੇਅਜਲ ਦੇ ਤੌਰ ’ਤੇ ਉਪਲੱਬਧ ਕਰਵਾਉਣ ਦੀ ਪਹਿਲ ਕਰ ਰਹੀ ਹੈ।

ਕਠੋਰ ਚੱਟਾਨੀ ਜ਼ਮੀਨ ਦੇ ਕਾਰਨ ਟਿਊਬਵੈਲ ਨਾਲ ਸਪਲਾਈ ਮਹਿੰਗਾ ਸੌਦਾ
ਕੰਢੀ ਇਲਾਕੇ ਵਿਚ ਟਿਊਬਵੈਲ ਤੋਂ ਸਪਲਾਈ ਨੂੰ ਲੈ ਕੇ ਸਭ ਤੋਂ ਵੱਡੀ ਚੁਣੌਤੀ ਇਹ ਵੀ ਹੈ ਕਿ ਇਸ ਇਲਾਕੇ ਵਿਚ ਕਠੋਰ ਚੱਟਾਨੀ ਜ਼ਮੀਨ ਹੈ, ਜਿਸ ਵਿਚ ਡ੍ਰਿਲਿੰਗ ਕਰ ਜ਼ਿਆਦਾ ਉਚਾਈ ਵਾਲੇ ਪਿੰਡਾਂ ਤੱਕ ਪਾਣੀ ਦੀ ਸਪਲਾਈ ਕਰਨਾ ਮਹਿੰਗਾ ਸੌਦਾ ਹੈ। ਇਸ ਲਈ ਉਚ ਪੂੰਜੀ ਨਿਵੇਸ਼ ਦੀ ਲੋੜ ਹੁੰਦੀ ਹੈ। ਉਸ ’ਤੇ ਬਹੁਤ ਜ਼ਿਆਦਾ ਭੂਜਲ ਦੀ ਵਰਤੋਂ ਕਾਰਣ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਜਿਸ ਨਾਲ ਮੌਜੂਦਾ ਸਮੇਂ ਦੇ ਟਿਊਬਵੈੱਲ ਨਾਕਾਮ ਹੁੰਦੇ ਜਾ ਰਹੇ ਹਨ। ਇਸ ਲਈ ਵਾਟਰ ਸਪਲਾਈ ਪ੍ਰਣਾਲੀ ਵਿਚ ਟਿਕਾਊ ਅਤੇ ਆਰਥਿਕ ਤੌਰ ’ਤੇ ਸੰਭਵ ਸਕੀਂਸ ਦੀ ਜਰੂਰਤ ਹੈ। ਅਜਿਹੇ ਵਿਚ ਸਤ੍ਹੀ ਪਾਣੀ ਸਪਲਾਈ ਇਕ ਬਿਹਤਰ ਵਿਕਲਪ ਹੈ, ਜਿਸ ਨਾਲ ਪਹਾੜੀ ਇਲਾਕੇ ਵਿਚ ਲੰਬੇ ਸਮੇਂ ਤੱਕ ਪਾਣੀ ਦੀ ਸਪਲਾਈ ਨੂੰ ਬਹਾਲ ਰੱਖਿਆ ਜਾ ਸਕਦਾ ਹੈ।

ਪਹਿਲਾਂ ਕੰਸਲਟੈਂਸੀ ਫਰਮ ਨੂੰ ਕੰਮ ਦੇਣ ’ਤੇ ਕੀਤਾ ਵਿਚਾਰ, ਫਿਰ ਖੁਦ ਬਣਾਈ ਰਿਪੋਰਟ
ਕੰਢੀ ਏਰੀਆ ਵਿਚ ਸਤ੍ਹੀ ਪੇਅਜਲ ਸਪਲਾਈ ਦੀ ਅਧਿਐਨ ਨੂੰ ਲੈ ਕੇ ਪਹਿਲਾਂ ਡਿਪਾਰਟਮੈਂਟ ਆਫ਼ ਵਾਟਰ ਸਪਲਾਈ ਐਂਡ ਸੈਨੀਟੈਸ਼ਨ ਵਿਭਾਗ ਕੰਸਲਟੈਂਸੀ ਫਰਮ ਨੂੰ ਕਾਰਜ ਸੌਂਪਣ ਦੀ ਤਿਆਰੀ ਵਿਚ ਸੀ, ਪਰ ਬਾਅਦ ਵਿਚ ਵਿਭਾਗ ਨੇ ਆਪਣੇ ਪੱਧਰ ’ਤੇ ਹੀ ਪੂਰੀ ਯੋਜਨਾ ਦਾ ਬਲੂ ਪਿ੍ਰੰਟ ਤਿਆਰ ਕੀਤਾ। ਅਧਿਕਾਰੀਆਂ ਦੀ ਮੰਨੀਏ ਤਾਂ ਅਜਿਹਾ ਇਸ ਲਈ ਕੀਤਾ ਗਿਆ ਕਿ ਮੁਢਲੇ ਪੜਾਅ ਵਿਚ ਮਨਜ਼ੂਰੀ ਮਿਲਣ ਤੋਂ ਬਾਅਦ ਜਦੋਂ ਯੋਜਨਾ ਨੂੰ ਮਨਜ਼ੂਰੀ ਮਿਲ ਜਾਵੇ, ਉਸ ਤੋਂ ਬਾਅਦ ਹੀ ਡਿਟੇਲ ਸਟੱਡੀ ਦੀ ਪਹਿਲ ਹੋਵੇ। ਉਂਝ ਵੀ ਦੀ ਇੰਟਰਨੈਸ਼ਨਲ ਬੈਂਕ ਫਾਰ ਰਿਕੰਸਟ੍ਰਕਸ਼ਨ ਐਂਡ ਡਿਵੈਲਪਮੈਂਟ (ਆਈ.ਬੀ.ਆਰ.ਡੀ.) ਵਲੋਂ ਭਾਰਤ ਸਰਕਾਰ ਰਾਹੀਂ ਪੰਜਾਬ ਦੀ ਪੇਂਡੂ ਪਾਣੀ ਸਪਲਾਈ ਯੋਜਨਾ ਨੂੰ ਕ੍ਰੈਡਿਟ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਪੰਜਾਬ ਦੇ ਕਈ ਭਾਗਾਂ ਵਿਚ ਇਸ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਹੁਣ ਕੰਢੀ ਏਰੀਆ ਦੀ ਪ੍ਰਸਤਾਵਿਤ ਯੋਜਨਾ ਨੂੰ ਵਿਸਥਾਰ ਮਿਲ ਸਕੇਗਾ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ

2000 ਕਰੋੜ ਦੀ 15 ਸਤਹੀ ਵਾਟਰ ਸਪਲਾਈ ਸਕੀਮਾਂ ’ਤੇ ਚੱਲ ਰਿਹਾ ਕੰਮ
ਅਧਿਕਾਰੀਆਂ ਦੀ ਮੰਨੀਏ ਤਾਂ ਪੰਜਾਬ ਵਿਚ ਡਿੱਗਦੇ ਭੂਜਲ ਅਤੇ ਖ਼ਰਾਬ ਹੁੰਦੀ ਪਾਣੀ ਦੀ ਗੁਣਵੱਤਾ ਸਬੰਧੀ ਚੁਣੌਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਵੱਡੇ ਪੱਧਰ ’ਤੇ ਸਤਹੀ ਪਾਣੀ ਦੀ ਸਪਲਾਈ ਦਾ ਕਾਰਜ ਸ਼ੁਰੂ ਕੀਤਾ ਹੈ। ਪ੍ਰਦੇਸ਼ ਵਿਚ ਕਰੀਬ 2000 ਕਰੋੜ ਰੁਪਏ ਦੀਆਂ ਕਰੀਬ 15 ਵਾਟਰ ਸਪਲਾਈ ਸਕੀਮਾਂ ’ਤੇ ਕੰਮ ਚੱਲ ਰਿਹਾ ਹੈ। ਇਸ ਤਹਿਤ ਪੇਂਡੂ ਇਲਾਕਿਆਂ ਵਿਚ 200-300 ਪਿੰਡਾਂ ਦਾ ਇੱਕ ਗਰੁੱਪ ਬਣਾਕੇ ਵੱਡੀਆਂ ਜਲ ਸਪਲਾਈ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ 15 ਨਵੀਂਆਂ ਸਕੀਮਾਂ ਨੂੰ ਛੇਤੀ ਹੀ ਅਮਲ ਵਿਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਪੂਰੇ ਪੰਜਾਬ ਨੂੰ ਸਤਹੀ ਪੇਅਜਲ ਸਪਲਾਈ ’ਤੇ ਸ਼ਿਫਟ ਕਰਨ ਦਾ ਟੀਚਾ
ਅਧਿਕਾਰੀਆਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੀ ਕੋਸ਼ਿਸ਼ ਅਗਲੇ 5-10 ਸਾਲਾਂ ਵਿਚ ਪੂਰੇ ਪੰਜਾਬ ਨੂੰ ਭੂਜਲ ਸਪਲਾਈ ਤੋਂ ਸਤਹੀ ਪੇਅਜਲ ਸਪਲਾਈ ’ਤੇ ਸ਼ਿਫਟ ਕਰਨ ਦਾ ਟੀਚਾ ਹੈ। ਇਸ ਲਈ ਪੇਂਡੂ ਇਲਾਕਿਆਂ ਦੇ ਨਾਲ-ਨਾਲ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੋਹਾਲੀ, ਜਲੰਧਰ ਵਰਗੇ ਸ਼ਹਿਰਾਂ ਵਿਚ ਨਹਿਰੀ ਪਾਣੀ ਦੀ ਸਪਲਾਈ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

ਇਹ ਵੀ ਪੜ੍ਹੋ-  ਪੰਜਾਬ ਦੇ ਇੱਕ ਹੋਰ ਗੱਭਰੂ ਦੀ ਅਮਰੀਕਾ 'ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਰਸਾਲ ਸਿੰਘ

ਮਨਜ਼ੂਰੀ ਮਿਲਦੇ ਹੀ ਯੋਜਨਾ ਨੂੰ ਅਮਲ ਵਿਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ
ਕੰਡੀ ਇਲਾਕੇ ਵਿਚ ਪੇਅਜਲ ਸਪਲਾਈ ਦੀ ਯੋਜਨਾ ਦਾ ਖਾਕਾ ਤਿਆਰ ਕਰ ਕੇ ਮੰਤਰੀ ਨੂੰ ਭੇਜ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਇਲਾਕਿਆਂ ’ਤੇ ਫੋਕਸ ਕੀਤਾ ਜਾ ਰਿਹਾ ਹੈ, ਜਿੱਥੇ ਵਾਤਾਵਰਣ ਵਿਚ ਆ ਰਹੇ ਬਦਲਾਅ ਕਾਰਣ ਜਲਸਤਰ ਡਾਊਨ ਹੋ ਗਿਆ ਹੈ ਜਾਂ ਪਾਣੀ ਦੀ ਕੁਆਲਿਟੀ ਖ਼ਰਾਬ ਹੋ ਗਈ ਹੈ। ਜਿਵੇਂ ਹੀ ਮਨਜ਼ੂਰੀ ਮਿਲੇਗੀ, ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita