ਸਾਊਦੀ ਅਰਬ ਤੋਂ ਡੇਢ ਮਹੀਨੇ ਬਾਅਦ ਭਾਰਤ ਪੁੱਜੀ ਕਮਰਜੀਤ ਸਿੰਘ ਦੀ ਮ੍ਰਿਤਕ ਦੇਹ, ਹੋਇਆ ਅੰਤਿਮ ਸੰਸਕਾਰ

03/18/2018 9:21:31 AM

ਟਾਂਡਾ (ਜਸਵਿੰਦਰ) — ਦੋ ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਸਾਊਦੀ ਅਰਬ ਗਏ ਨੇੜਲੇ ਪਿੰਡ ਦੇ ਨੌਜਵਾਨ ਕਰਮਜੀਤ ਸਿੰਘ ਦੀ ਬੀਤੀ 30 ਜਨਵਰੀ ਨੂੰ ਹਾਰਟ ਅਟੈਕ ਹੋ ਜਾਣ ਕਾਰਨ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਕਰੀਬ ਡੇਢ ਮਹੀਨੇ ਬਾਅਦ ਐਤਵਾਰ ਨੂੰ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ। 
ਜ਼ਿਕਰਯੋਗ ਹੈ ਕਿ ਪਿੰਡ ਮੂਨਕ ਕਲਾਂ ਦੇ ਗਰੀਬ ਕਿਸਾਨ ਇੰਦਰ ਸਿੰਘ ਦਾ ਨੌਜਵਾਨ ਪੁੱਤਰ ਕਰਮਜੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਕੰਮ ਲਈ ਸਾਊਦੀ ਅਰਬ ਗਿਆ ਸੀ ਤਾਂ ਜੋ ਕਮਾਈ ਕਰਕੇ ਉਹ ਪਰਿਵਾਰ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢ ਸਕੇ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਕਰਮਜੀਤ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਦੇਸ਼ ਪਹੁੰਚੀ । ਪਰਿਵਾਰਕ ਮੈਂਬਰ ਕਰਮਜੀਤ ਦੀ ਮ੍ਰਿਤਕ ਦੇਹ ਲੈ ਕੇ ਜਿਵੇਂ ਹੀ ਅਮਿੰਰਤਸਰ ਹਵਾਈ ਅੱਡੇ ਤੋਂ ਪਿੰਡ ਪਹੁੰਚੇ ਤਾਂ ਪਿੰਡ 'ਚ ਮਾਹੌਲ ਗਮਹੀਨ ਹੋ ਗਿਆ। ਪਿੰਡ ਦੇ ਸ਼ਮਸ਼ਾਨ ਘਾਟ 'ਚ ਮ੍ਰਿਤਕ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਕਰਮਜੀਤ ਮਾਪਿਆਂ ਦਾ ਇਕਲੌਤਾ ਤਾਰਾ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਦੋ ਲੜਕੇ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ।