ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਰਹੀ : ਕਮਲ ਸ਼ਰਮਾ

10/31/2017 3:24:05 PM

ਫ਼ਿਰੋਜ਼ਪੁਰ (ਕੁਮਾਰ) : ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦਾ ਅੰਮ੍ਰਿਤਸਰ ਵਿਚ ਦਿਨ-ਦਿਹਾੜੇ ਹੋਏ ਕਤਲ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਪੰਜਾਬ ਦੇ ਸਾਬਕਾ ਭਾਜਪਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਰਨੀ ਦੇ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋ ਰਹੀ ਹੈ ਅਤੇ ਇਥੇ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਰਹੀ, ਜਿਸ ਕਾਰਨ ਪੰਜਾਬ ਵਿਚ ਰਹਿੰਦੇ ਸਾਰੇ ਵਰਗਾਂ ਦੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ਵਿਚ ਜਦੋਂ ਤੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਇਥੇ ਕਈ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਕਤਲ ਹੋ ਗਏ ਹਨ ਅਤੇ ਸੀ.ਸੀ.ਟੀ.ਵੀ. ਫੁਟੇਜ ਹੋਣ ਦੇ ਬਾਵਜੂਦ ਵੀ ਕਾਤਲ ਫੜੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਜਿਥੇ ਪਿਛਲੇ 6 ਮਹੀਨਿਆਂ ਤੋਂ ਪੰਜਾਬ ਵਿਚ ਵਿਕਾਸ ਦੇ ਕੰਮ ਠੱਪ ਪਏ ਹਨ, ਉਥੇ ਹੀ ਕਤਲ, ਲੁੱਟਾਖੋਹਾਂ, ਚੋਰੀਆਂ ਆਦਿ ਦੀਆਂ ਘਟਨਾਵਾ ਆਮ ਹੋ ਗਈਆਂ ਹਨ।
ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਗੁੰਡਾਰਾਜ ਚੱਲ ਰਿਹਾ ਹੈ ਅਤੇ ਵਪਾਰੀ ਲੋਕਾਂ 'ਤੇ ਗੋਲੀਆਂ ਚਲਾ ਕੇ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਲੱਖਾਂ ਰੁਪਏ ਖੋਹਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰੀਬ 2 ਹਫਤੇ ਪਹਿਲਾਂ ਲੁਧਿਆਣਾ ਵਿਚ ਆਰ.ਐਸ.ਐਸ. ਦੇ ਆਗੂ ਰਵਿੰਦਰ ਗੋਸਾਈਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦੇ ਬਾਅਦ ਹੁਣ ਅੰਮ੍ਰਿਤਸਰ ਵਿਚ ਹਿੰਦੂ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਸਰਕਾਰ ਨੂੰ ਜਲਦ ਕਾਤਲਾਂ ਨੂੰੰ ਗ੍ਰਿਫਤਾਰ ਕਰਨਾ ਚਾਹੀਦਾ ਹੈ।