ਇਤਿਹਾਸ ਦੀ ਡਾਇਰੀ: ਮੈਂ ਅੰਤਰਿਕਸ਼ ਲਈ ਬਣੀ ਹਾਂ ਤੇ ਇਸ ਦੇ ਲਈ ਮਰਾਂਗੀ ਕਲਪਨਾ ਚਾਵਲਾ (ਵੀਡੀਓ)

02/01/2020 10:52:10 AM

ਜਲੰਧਰ (ਬਿਊਰੋ): 'ਮੈਂ ਅੰਤਰਿਕਸ਼ ਲਈ ਬਣੀ ਹਾਂ ਤੇ ਇਸੇ ਦੇ ਲਈ ਮਰਾਂਗੀ',ਕਹਿਣ ਵਾਲੀ ਬੇਸ਼ੱਕ ਅੱਜ ਸਾਡੇ 'ਚ ਨਹੀਂ ਹੈ,ਪਰ ਇਹ ਗੱਲ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਲਈ ਯਾਦ ਬਣ ਕੇ ਰਹਿ ਗਈ। ਅੱਜ 1 ਫਰਵਰੀ ਹੈ ਤੇ 'ਜਗਬਾਣੀ' ਦੀ ਖਾਸ ਪੇਸ਼ਕਸ਼ 'ਇਤਿਹਾਸ ਦੀ ਡਾਇਰ' 'ਚ ਗੱਲ ਕਰਾਂਗੇ ਪੁਲਾੜ ਲਈ ਉਡਾਣ ਭਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਕਲਪਨਾ ਚਾਵਲਾ ਦੀ ਜੋ ਅੱਜ ਦੇ ਦਿਨ ਸਨ 2003 'ਚ ਸੰਸਾਰ ਨੂੰ ਅਲਵਿਦਾ ਕਹਿ ਗਈ। ਇਸਦੇ ਨਾਲ ਹੀ ਇੰਡੀਅਨ ਕੋਸਟ ਗਾਰਡ ਦੇ ਇਤਿਹਾਸ 'ਤੇ ਵੀ ਝਾਤ ਪਾਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਲਪਨਾ ਚਾਵਲਾ ਤੇ ਉਸਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ 'ਤੇ
ਬਿਨਾਂ ਸ਼ੱਕ ਕਲਪਨਾ ਚਾਵਲਾ ਅੱਜ ਸਰੀਰਕ ਤੌਰ 'ਤੇ ਸਾਡੇ ਵਿਚ ਨਹੀਂ ਹੈ ਪਰ ਹਰ ਭਾਰਤੀ ਦੇ ਦਿਲ 'ਚ ਕਲਪਨਾ ਹਮੇਸ਼ਾ ਜਿਉਂਦੀ ਰਹੇਗੀ ਤੇ ਪ੍ਰੇਰਣਾ ਦਾ ਸਰੋਤ ਬਣ ਨੌਜਵਾਨਾਂ ਦਾ ਮਾਰਗ ਦਰਸ਼ਨ ਵੀ ਕਰਦੀ ਰਹੇਗੀ। ਅੱਜ ਦਾ ਦਿਨ ਇਤਿਹਾਸ ਦਾ ਉਹ ਗਮਗੀਨ ਪੰਨਾ ਜਿਸ ਨੂੰ ਫਰੋਲਦਿਆਂ ਹਰ ਭਾਰਤੀ ਦੀ ਅੱਖ ਨਮ ਹੋ ਜਾਂਦੀ ਹੈ। ਅੱਜ ਦੇ ਹੀ ਦਿਨ ਧਰਤੀ ਤੋਂ ਮਹਿਜ਼ 16 ਮਿੰਟਾਂ ਦੀ ਦੂਰੀ 'ਤੇ ਕੋਲੰਬੀਆ ਪੁਲਾੜਯਾਨ  ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਕਈ ਸਾਰੀਆਂ ਯਾਦਾਂ ਛੱਡ ਕੇ ਕਲਪਨਾ ਨੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਕਲਪਨਾ ਚਾਵਲਾ ਜਨਮ ਤੇ ਪੜ੍ਹਾਈ
ਬਚਪਨ ਤੋਂ ਹੀ ਹਵਾਈ ਜਹਾਜ਼ਾਂ ਦਾ ਸ਼ੌਕ ਰੱਖਣ ਵਾਲੀ ਕਲਪਨਾ ਚਾਵਲਾ ਦਾ ਜਨਮ ਹਰਿਆਣਾ ਦੇ ਕਰਨਾਲ 'ਚ ਹਿੰਦੂ ਪੰਜਾਬੀ ਪਰਿਵਾਰ 'ਚ ਹੋਇਆ। ਕਲਪਨਾ ਚਾਵਲਾ ਨੇ ਨਾਭਾ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਏਅਰੋਨਾਟਿਕਲ ਇੰਜੀਨੀਅਰ 'ਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਕਲਪਨਾ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਏਅਰੋਨਾਟਿਕਲ ਇੰਜੀਨੀਅਰ ਦੀ ਪੜ੍ਹਾਈ ਕਰਨ ਵਾਲੀ ਪਹਿਲੀ ਮਹਿਲਾ ਸੀ। 1982 'ਚ ਕਲਪਨਾ ਅਮਰੀਕਾ ਗਈ ਜਿੱਥੇ ਉਸ ਨੇ ਆਰਲਿੰਗਟਨ ਦੀ ਟੈਕਸਸ ਦੀ ਯੂਨੀਵਰਸਿਟੀ ਤੋਂ ਐਰੋਸਪੇਸ ਇੰਜੀਨੀਅਰਿੰਗ 'ਚ ਮਾਸਟਰ ਔਫ਼ ਸਾਇੰਸ ਦੀ ਡਿਗਰੀ ਹਾਸਲ ਕੀਤੀ। ਕਲਪਨਾ ਨੇ ਕਈ ਡਿਗਰੀਆਂ ਹਾਸਲ ਕਰ 1988 'ਚ ਪੀ.ਐੱਚ.ਡੀ. ਪੂਰੀ ਕੀਤੀ।“ਮੈਂ ਅੰਤਰਿਕਸ਼ ਲਈ ਬਣੀ ਹਾਂ ਤੇ ਇਸ ਦੇ ਲਈ ਮਰਾਂਗੀ “ਕਲਪਨਾ ਚਾਵਲਾ ਅਕਸਰ ਹੀ ਕਿਹਾ ਕਰਦੀ ਸੀ ਕਿ 'ਮੈਂ ਅੰਤਰਿਕਸ਼ ਲਈ ਬਣੀ ਹਾਂ ਤੇ ਇਸੀ ਦੇ ਲਈ ਮਰਾਂਗੀ'। ਕਲਪਨਾ ਦੇ ਇਹ ਸ਼ਬਦ ਅੱਜ ਵੀ ਨੌਜਵਾਨਾਂ ਅੰਦਰ ਜੋਸ਼ ਭਰ ਦਿੰਦੇ ਹਨ ਤੇ
ਉਨ੍ਹਾਂ ਨੂੰ ਕੁਝ ਵੱਖ ਕਰਨ ਦੀ ਪ੍ਰੇਰਣਾ ਦਿੰਦੇ ਹਨ।

ਪਹਿਲਾ ਪੁਲਾੜ ਮਿਸ਼ਨ
ਪੁਲਾੜ 'ਚ ਉਡਾਣ ਭਰਨ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਸਪੇਸ ਸ਼ਟਲ ਕੋਲੰਬੀਆ ਦੇ 6 ਖਗੋਲ ਵਿਗਿਆਨੀਆਂ ਦੇ ਮੈਂਬਰਾਂ 'ਚੋਂ ਇੱਕ ਸੀ। ਚਾਵਲਾ ਨੇ ਪਹਿਲੇ ਮਿਸ਼ਨ 'ਤੇ ਧਰਤੀ ਦੇ 252 ਚੱਕਰਾਂ 'ਚ 10.4 ਮਿਲੀਅਨ ਮੀਲ ਦਾ ਸਫ਼ਰ ਤੈਅ ਕੀਤਾ,ਜਿਸ 'ਚ ਉਹ 372 ਘੰਟੇ ਵੈਕਿਊਮ 'ਚ ਰਹੀ। ਇਸ ਦੌਰਾਨ ਉਸ ਨੇ ਖਗੋਲ 'ਚ ਇੱਕ ਸਪਾਰਟਨ ਉਪਗ੍ਰਹਿ ਛੱਡਿਆ ਜਿਹੜਾ ਕਿ ਖਰਾਬ ਹੋ ਗਿਆ ਜਿਸ ਦੇ ਕਾਰਨ ਵਿੰਸਟਨ ਸਕੌਟ ਤੇ ਤਾਕਾਓ ਡੋਈ ਨੂੰ ਉਪਗ੍ਰਹਿ ਨੂੰ ਫੜਨ ਲਈ ਪੁਲਾੜ 'ਚ ਜਹਾਜ਼ ਤੋਂ ਬਾਹਰ ਜਾਣਾ ਪਿਆ ਸੀ।

ਦੂਜਾ ਪੁਲਾੜ ਮਿਸ਼ਨ ਤੇ ਮੌਤ
2000 'ਚ ਐੱਸ.ਡੀ.ਐੱਸ 107 ਦੇ ਚਾਲਕ-ਦਲ ਦੇ ਮੈਂਬਰ ਦੇ ਤੌਰ 'ਤੇ ਦੂਜੀ ਵਾਰ ਪੁਲਾੜ ਉਡਾਣ ਭਰਨ ਲਈ ਚੁਣਿਆ ਗਿਆ ਸੀ। ਇਹ ਮਿਸ਼ਨ ਉਡਾਣ ਭਰਨ ਦੇ ਸਮੇਂ ਤੇ ਤਕਨੀਕੀ ਸਮੱਸਿਆਵਾਂ ਦੇ ਕਾਰਨ ਵਾਰ-ਵਾਰ ਰੋਕਿਆ ਗਿਆ ਸੀ। ਆਖਰਕਾਰ 16 ਜਨਵਰੀ 2003 ਦਾ ਉਹ ਦਿਨ ਜਦੋਂ ਸਪੇਸ ਸ਼ਟਲ ਕੋਲੰਬੀਆ ਨੂੰ ਪੁਲਾੜ 'ਚ ਭੇਜਿਆ ਗਿਆ। 16 ਦਿਨ ਅੰਤਰਿਕਸ਼ 'ਚ ਬਿਤਾਉਣ ਤੋਂ ਬਾਅਦ 1 ਫਰਵਰੀ ਨੂੰ ਧਰਤੀ 'ਤੇ ਪਰਤਣ ਦੌਰਾਨ ਕੋਲੰਬੀਆ ਪੁਲਾੜਯਾਨ ਦੁਰਘਟਨਾਗ੍ਰਸਤ ਹੋ ਗਿਆ, ਜਿਸ ਵਿੱਚ ਐਸ.ਡੀ.ਐੱਸ107 ਦੇ ਸਾਰੇ ਮੈਂਬਰ ਮਾਰੇ ਗਏ ਸਨ, ਜਿਨ੍ਹਾਂ 'ਚ ਕਲਪਨਾ ਚਾਵਲਾ ਵੀ ਸ਼ਾਮਲ ਸੀ।

ਸਨਮਾਨ
ਕਲਪਨਾ ਚਾਵਲਾ ਨੂੰ ਮਰਨ ਉਪਰੰਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ
ਕਾਂਗਰੈਸ਼ਨਲ ਆਕਾਸ਼ ਮੈਡਲ
ਨਾਸਾ ਆਕਾਸ਼ ਉਡਾਣ ਮੈਡਲ
ਨਾਸਾ ਵਿਸ਼ੇਸ਼ ਸੇਵਾ ਮੈਡਲ

ਇਸ ਤੋਂ ਇਲਾਵਾ ਕਈ ਅਜਿਹੇ ਸਨਮਾਨ ਵੀ ਹਨ,ਜਿਨ੍ਹਾਂ ਨੂੰ ਸਰਕਾਰਾਂ ਨੇ ਕਲਪਨਾ ਚਾਵਲਾ ਦੇ ਨਾਂ 'ਤੇ ਰੱਖਿਆ, ਇਨ੍ਹਾਂ 'ਚੋਂ ਕੁਝ ਇਸ ਤਰ੍ਹਾਂ ਹਨ।
ਮੌਸਮ ਵਿਗਿਆਨ ਸਬੰਧੀ ਉਪਗ੍ਰਹਿਆਂ ਮੈਟਸੈਟ ਦਾ ਨਾਮ ਬਦਲ ਕੇ ਕਲਪਨਾ ਰੱਖਿਆ ਗਿਆ ਤੇ 12 ਸਤੰਬਰ 2002 'ਚ ਛੱਡੇ ਉਪਗ੍ਰਹਿ ਮੈਟਸੈਟ-1 ਨੂੰ ਕਲਪਨਾ-1 ਦਾ ਨਾਂ ਦਿੱਤਾ ਗਿਆ।
2004 'ਚ ਕਰਨਾਟਕ ਸਰਕਾਰ ਨੇ ਔਰਤ ਵਿਗਿਆਨੀਆਂ ਨੂੰ ਸਨਮਾਨ ਵਜੋਂ ਕਲਪਨਾ ਚਾਵਲਾ ਐਵਾਰਡ ਦੇਣ ਦਾ ਕੀਤਾ ਫੈਸਲਾ।
ਦਿੱਲੀ ਤਕਨਾਲੋਜੀ ਯੂਨੀਵਰਸਿਟੀ ਨੇ ਕੁੜੀਆਂ ਦੇ ਹੋਸਟਲ ਦਾ ਨਾਮ ਉਸਦੇ ਨਾਂ 'ਤੇ ਰੱਖਿਆ
ਭਾਰਤੀ ਤਕਨਾਲੋਜੀ ਸੰਸਥਾ,ਖੜਗਪੁਰ ਨੇ ਕਲਪਨਾ ਚਾਵਲਾ ਸਪੇਸ ਤਕਨਾਲੋਜੀ ਸੈੱਲ ਦਾ ਨਾਂ ਉਸਦੇ ਸਨਮਾਨ 'ਚ ਰੱਖਿਆ।  

ਹੁਣ ਗੱਲ ਕਰਾਂਗੇ ਇੰਡੀਅਨ ਕੋਸਟ ਗਾਰਡ ਦੀ,ਜਿਸਦੇ ਗਠਨ ਦਾ ਫੈਸਲਾ 1 ਫਰਵਰੀ 1977 ਨੂੰ ਲਿਆ ਗਿਆ ਸੀ। ਭਾਰਤੀ ਸਮੁੰਦਰ ਦੀ ਸੁਰੱਖਿਆ ਦੇ ਉਦੇਸ਼ ਨਾਲ ਇਸ ਨੂੰ ਹੌਂਦ 'ਚ ਲਿਆਉਣ ਦਾ ਫੈਸਲਾ ਲਿਆ ਗਿਆ ਤੇ ਸੰਸਦ ਨੇ 18 ਅਗਸਤ 1978 'ਚ ਇਸਦਾ ਰਸਮੀ ਉਦਘਾਟਨ ਕੀਤਾ।ਭਾਰਤੀ ਤੱਟ ਰੱਖਿਅਕ ਯਾਨੀ ਕਿ ਇੰਡੀਅਨ ਕੋਸਟ ਗਾਰਡ ਬਣਾਉਣ ਦੀ ਲੋੜ ਕਿਉਂ ਮਹਿਸੂਸ ਹੋਈ,ਆਓ ਦੱਸਦੇ ਹਾਂ.....

ਸਮੁੰਦਰ 'ਚ ਭਾਰਤ ਦੇ ਰਾਸ਼ਟਰੀ ਅਧਿਕਾਰ ਖੇਤਰ 'ਚ ਰਾਸ਼ਟਰੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੰਡੀਅਨ ਕੋਸਟ ਗਾਰਡ ਹੌਂਦ 'ਚ ਲਿਆਉਣ ਦੀ ਜ਼ਰੂਰਤ ਪਈ। ਦਰਅਸਲ,ਸਤੰਬਰ 1974 'ਚ ਸ੍ਰੀ ਕੇ.ਐੱਫ ਰੁਸਤੋਮਜੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਸੀ।ਇਸ ਕਮੇਟੀ ਨੇ ਇੱਕ ਤੱਟ ਰੱਖਿਅਕ ਸੇਵਾ ਦੀ ਸਿਫਾਰਿਸ਼ ਕੀਤੀ ਜੋ ਰੱਖਿਆ ਮੰਤਰਾਲੇ ਦੇ ਨਿਯੰਤਰਣ ਹੇਠਾਂ ਜਲ ਸੈਨਾ ਦੀ ਤਰਜ਼ 'ਤੇ ਕੰਮ ਕਰੇਗੀ ਤੇ ਸਾਡੇ ਸਮੁੰਦਰਾਂ ਦੀ ਰੱਖਿਆ ਕਰੇਗੀ। 25 ਅਗਸਤ 1976 ਨੂੰ ਭਾਰਤ ਦਾ ਸਮੁੰਦਰੀ ਖੇਤਰ ਅਧਿਨਿਯਮ ਪਾਸ ਕੀਤਾ ਗਿਆ।ਇਸ ਆਧਿਨਿਯਮ ਤਹਿਤ ਭਾਰਤ ਨੇ 2.01 ਲੱਖ ਵਰਗ ਕਿਲੋਮੀਟਰ ਸਮੁੰਦਰੀ ਖੇਤਰ ਦਾ ਦਾਅਵਾ ਕੀਤਾ।ਇਸ ਤੋਂ ਬਾਅਦ ਮੰਤਰੀ ਮੰਡਲ ਵੱਲੋਂ 1 ਫਰਵਰੀ 1977 ਤੋਂ ਇੱਕ ਅੰਤਰਿਮ ਤੱਟ ਰੱਖਿਅਕ ਸੰਗਠਨ ਦਾ ਗਠਨ ਕਰਨ ਦਾ ਫੈਸਲਾ ਲਿਆ।  

ਹੁਣ ਇੱਕ ਨਜ਼ਰ ਕੁਝ ਹੋਰ ਘਟਨਾਵਾਂ 'ਤੇ ਜੋ 1 ਫਰਵਰੀ ਦੇ ਪੰਨਿਆਂ 'ਚ ਹਮੇਸ਼ਾ ਲਈ ਯਾਦਾਂ ਬਣ ਕੇ ਰਹਿ ਗਈਆਂ।
1881 'ਚ ਦਿੱਲੀ ਦਾ ਸਭ ਤੋਂ ਪੁਰਾਣਾ ਕਾਲਜ ਸੇਂਟ ਸਟੀਫਨ ਕਾਲਜ ਸਥਾਪਤ ਕੀਤਾ ਗਿਆ ਸੀ।|
1814 - ਫਿਲੀਪੀਨਜ਼ 'ਚ ਜਵਾਲਾਮੁਖੀ ਫਟਣ ਕਾਰਨ ਕਰੀਬ 1200 ਲੋਕਾਂ ਦੀ ਮੌਤ ਹੋ ਗਈ ਸੀ |
1884- ਆਕਸਫਰਡ ਇੰਗਲਿਸ਼ ਡਿਕਸ਼ਨਰੀ ਦੇ 10 ਸੈਕਸ਼ਨਾਂ 'ਚੋਂ ਪਹਿਲਾ ਸੈਕਸ਼ਨ ਲੰਡਨ 'ਚ ਪ੍ਰਕਾਸ਼ਿਤ ਹੋਇਆ। ਅੰਤਿਮ ਸੈਕਸ਼ਨ 1928 'ਚ ਛਪਿਆ ਸੀ।  
1985 - ਮੁਹੰਮਦ ਅਜ਼ਹਰੂਦੀਨ ਨੇ ਕਾਨਪੁਰ 'ਚ ਲਗਾਤਾਰ ਤਿੰਨ ਟੈਸਟ ਮੈਚਾਂ 'ਚ ਸੈਂਚੁਰੀ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ ।
2004 - ਸਾਊਦੀ ਅਰਬ 'ਚ ਹੱਜ ਯਾਤਰਾ ਦੌਰਾਨ ਮਚੀ ਭਗਦੜ 'ਚ 251 ਵਿਅਕਤੀ ਮਾਰੇ ਗਏ ਤੇ 244 ਜ਼ਖਮੀ ਹੋਏ ਸਨ ।
2009 - ਮਹੇਸ਼ ਭੂਪਤੀ ਤੇ ਸਾਨੀਆ ਮਿਰਜ਼ਾ ਦੀ ਜੋੜੀ ਨੇ ਆਸਟ੍ਰੇਲੀਆ ਦੇ ਮੈਲਬੌਰਨ 'ਚ ਪਹਿਲੀ ਵਾਰ ਮਿਕਸਡ ਡਬਲ ਦਾ ਖਿਤਾਬ ਜਿੱਤਿਆ ਸੀ।
ਹੁਣ ਗੱਲ ਉਨ੍ਹਾਂ ਮਹਾਨ ਸ਼ਖਸੀਅਤਾਂ 'ਤੇ ਜਿਨ੍ਹਾਂ ਨੇ ਅੱਜ ਦੇ ਦਿਨ ਲਿਆ ਸੀ ਜਨਮ।

ਜਨਮ
1 ਫਰਵਰੀ 1955ਕੁਸ਼ਤੀ ਪਹਿਲਵਾਨ ਸਤਪਾਲ ਸਿੰਘ
1 ਫਰਵਰੀ 1956ਬਾਲੀਵੁੱਡ ਐਕਟਰ ਜੈਕੀ ਸ਼ਰਾਫ  
1 ਫਰਵਰੀ 1961ਸਾਬਕਾ ਕ੍ਰਿਕੇਟਰ ਅਜੈ ਜਡੇਜਾ  

ਦਿਹਾਂਤ
1882- ਹਿਮਾਲਿਆ ਨੂੰ ਨਾਪਣ ਤੇ ਤਿੱਬਤ ਦੀ ਖੋਜ ਕਰਨ ਵਾਲੇ ਭਾਰਤੀ ਨੈਨ ਸਿੰਘ ਰਾਵਤ ਦਾ ਹੋਇਆ ਸੀ ਦੇਹਾਂਤ।
2003- ਭਾਰਤੀ ਅਮਰੀਕੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਹੋਈ ਸੀ ਮੌਤ।

Shyna

This news is Content Editor Shyna