ਕਾਲਕਾ ਤੇ ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫਿਰ ਕੀਤੀ ਸਰਨਾ ਭਰਾਵਾਂ ਤੇ ਜੀ.ਕੇ. ਖ਼ਿਲਾਫ਼ ਸ਼ਿਕਾਇਤ

02/04/2024 3:14:36 AM

ਅੰਮ੍ਰਿਤਸਰ (ਸਰਬਜੀਤ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਆਗੂਆਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ ਇਕ ਵਾਰ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਿੰਘ ਸਾਹਿਬ ਨੂੰ ਲਿਖੇ ਪੱਤਰ ਵਿਚ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਚੁਣੀ ਹੋਈ ਧਾਰਮਿਕ ਜਥੇਬੰਦੀ ਹੈ, ਨੇ ਆਪ ਨੂੰ ਪਹਿਲਾਂ ਵੀ ਪੱਤ੍ਰਿਕਾ ਨੰ. 9406/2-6 ਮਿਤੀ 24-11-2023 ਰਾਹੀਂ ਸਨਿਮਰ ਬੇਨਤੀ ਕੀਤੀ ਸੀ ਕਿ ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਅਤੇ ਮਨਜੀਤ ਸਿੰਘ ਜੀ.ਕੇ. ਵੱਲੋਂ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿੱਲੀ ਵਿਖੇ ਮਿਤੀ 18-11-23 ਨੂੰ ਬੇਲੋੜਾ ਪ੍ਰਦਰਸ਼ਨ, ਨਾਅਰੇਬਾਜ਼ੀ ਅਤੇ ਹੁਲੜਬਾਜ਼ੀ ਕੀਤੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਬੰਧਕਾਂ ਨੂੰ ਸੋਸ਼ਲ ਮੀਡੀਆ ਅਤੇ ਦੂਜੇ ਪਲੇਟਫਾਰਮਾਂ 'ਤੇ ਬਦਨਾਮ ਕਰਨ ਦੇ ਦੋਸ਼ ਵਿਚ ਇਨ੍ਹਾਂ ਦੇ ਖਿਲਾਫ ਯੋਗ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ ਪਰ 2 ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਹੁਣ ਤੱਕ ਸਾਡੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ 'ਤੇ ਪ੍ਰੀ-ਵੈਡਿੰਗ ਸ਼ੂਟ ਅਤੇ ਰੀਲਾਂ ਬਣਾਉਣ 'ਤੇ ਲੱਗੀ ਪੂਰਨ ਪਾਬੰਦੀ

ਉਨ੍ਹਾਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਤ੍ਰਿਕਾ ਨੰ. 73/2-6 ਮਿਤੀ 04-01-2023 ਰਾਹੀਂ ਜਿਸ ਵਿਚ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਸ਼ਰਾਬ ਦੇ ਵੱਡੇ ਵਪਾਰੀ ਹਨ, ਦੀ ਸ਼ਿਕਾਇਤ ਸਬੂਤਾਂ ਸਹਿਤ ਕੀਤੀ ਗਈ ਸੀ ਪਰੰਤੂ 1 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਸਿੱਖਾਂ ਦੀ ਦੂਜੀ ਸਭ ਤੋਂ ਵੱਡੀ ਜਥੇਬੰਦੀ ਉਚਿਤ ਕਾਰਵਾਈ ਲਈ ਬਾਰ-ਬਾਰ ਬੇਨਤੀ ਕਰ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕੀ ਅਸੀਂ ਇਨ੍ਹਾਂ ਵਿਰੁੱਧ ਕਾਰਵਾਈ ਨਾ ਕਰਕੇ ਪੰਥ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਕਮੇਟੀ ਦੇ ਮੈਂਬਰ ਦਾ ਨਸ਼ੇ ਦਾ ਕਾਰੋਬਾਰ ਕਰਨਾ ਜਾਇਜ਼ ਹੈ, ਗੁਰਦੁਆਰਾ ਸਾਹਿਬ ਦੇ ਅੰਦਰ ਹੁਲੜਬਾਜ਼ੀ ਅਤੇ ਨਾਅਰੇਬਾਜ਼ੀ ਕਰਨਾ ਜਾਇਜ਼ ਹੈ?  ਉਨ੍ਹਾਂ ਉਮੀਦ ਜਤਾਈ ਕਿ ਪੰਥ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਦੂਸਰਿਆਂ ਲਈ ਮਿਸਾਲ ਕਾਇਮ ਕਰਨ ਲਈ ਆਪ ਇਨ੍ਹਾਂ ਵਿਰੁੱਧ ਜਲਦ ਤੋਂ ਜਲਦ ਯੋਗ ਕਾਰਵਾਈ ਕਰੋਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Anmol Tagra

This news is Content Editor Anmol Tagra