ਕਾਲੀਆ-ਭੰਡਾਰੀ ਦੇ ਗਠਜੋੜ ਤੋਂ ਬਾਅਦ ਰਵੀ ਨੇ ਜ਼ਿਲਾ ਪ੍ਰਧਾਨ ਦਾ ਫੜਿਆ ਪੱਲਾ

12/27/2017 6:26:15 AM

ਜਲੰਧਰ, (ਪਾਹਵਾ)- ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਭਾਰਤੀ ਜਨਤਾ ਪਾਰਟੀ ਜਲੰਧਰ ਵਿਚ ਕੁਝ ਨਵੇਂ ਸਮੀਕਰਨ ਦੇਖਣ ਨੂੰ ਮਿਲੇ। ਸ਼ਹਿਰ ਵਿਚ ਤਿੰਨ ਵਿਧਾਇਕ ਜੋ ਕਦੇ ਇਕ-ਦੂਸਰੇ ਨੂੰ ਇਕ ਅੱਖ ਨਹੀਂ ਭਾਉਂਦੇ ਸਨ, ਨਾ ਸਿਰਫ ਇਕੱਠੇ ਦਿਸੇ, ਬਲਕਿ ਇਕ ਦੂਸਰੇ ਨੂੰ ਕੇਕ ਵੀ ਖਿਲਾਉਂਦੇ ਦਿਸੇ। ਇਸ ਨਵੇਂ ਰਾਜਨੀਤਕ ਸਮੀਕਰਨ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ 'ਤੇ ਵੀ ਅਸਰ ਪੈਣਾ ਤੈਅ ਹੈ। ਭੰਡਾਰੀ ਦੇ ਕਾਲੀਆ ਦੇ ਨਾਲ ਹੱਥ ਮਿਲਾਉਂਦੇ ਹੀ ਰਵੀ ਮਹਿੰਦਰੂ ਨੇ ਹੁਣ ਆਪਣੇ ਸਾਥੀਆਂ ਦੇ ਨਾਲ ਜ਼ਿਲਾ ਪ੍ਰਧਾਨ ਰਮੇਸ਼ ਦਾ ਪੱਲਾ ਫੜ ਲਿਆ ਹੈ, ਜਿਸ ਨਾਲ ਜਲੰਧਰ ਦੀ ਭਾਜਪਾ ਦੀ ਰਾਜਨੀਤੀ 'ਚ ਇਕ ਨਵਾਂ ਟਵਿਸਟ ਆਇਆ ਹੈ। 
ਜਾਣਕਾਰੀ ਮੁਤਾਬਕ ਸਾਬਕਾ ਭਾਜਪਾ ਜ਼ਿਲਾ ਪ੍ਰਧਾਨ ਰਵੀ ਮਹਿੰਦਰੂ ਨੇ ਮੰਗਲਵਾਰ ਨੂੰ ਦੇਰ ਸ਼ਾਮ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੇ ਨਾਲ ਇਕ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਜ਼ਿਲਾ ਜਨਰਲ ਸਕੱਤਰ ਅਜੇ ਜੋਸ਼ੀ ਤਾਂ ਸਨ, ਨਾਲ ਹੀ ਕੇ. ਡੀ. ਭੰਡਾਰੀ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹੰਸਰਾਜ ਚੋਪੜਾ, ਗੋਪਾਲ ਗੁਪਤਾ, ਚੰਦਰ ਸੈਣੀ, ਵਿਪਨ ਗੋਲਡੀ, ਰਾਜਿੰਦਰ ਖਰਬੰਦਾ, ਨਵਲ ਕੰਬੋਜ ਅਤੇ ਕੁਝ ਹੋਰ ਲੋਕ ਵੀ ਮੌਜੂਦ ਸਨ।  ਸੂਤਰਾਂ ਦਾ ਕਹਿਣਾ ਹੈ ਕਿ ਭੰਡਾਰੀ ਅਤੇ ਕਾਲੀਆ ਦੀ ਮੁਲਾਕਾਤ ਤੋਂ ਬਾਅਦ ਦੇਰ ਸ਼ਾਮ ਭੰਡਾਰੀ ਵਿਰੋਧੀ ਧੜੇ ਦੀ ਰਮੇਸ਼ ਸ਼ਰਮਾ ਨਾਲ ਮੁਲਾਕਾਤ ਕਾਫੀ ਅਹਿਮੀਅਤ ਰੱਖਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਹਾਰਨ ਵਾਲੇ ਉਮੀਦਵਾਰਾਂ ਨੇ ਭੰਡਾਰੀ ਖਿਲਾਫ ਖੂਬ ਭੜਾਸ ਕੱਢੀ। ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਉਸ ਮਾਮਲੇ 'ਤੇ ਵੀ ਇਤਰਾਜ਼ ਪ੍ਰਗਟਾਇਆ ਗਿਆ, ਜਿਸ ਵਿਚ ਭੰਡਾਰੀ ਨੇ ਇਕ ਅਖਬਾਰ ਵਿਚ ਬਿਆਨ ਦਿੰਦੇ ਹੋਏ ਕਿਹਾ ਕਿ ਨਿਗਮ ਚੋਣਾਂ ਦੀਆਂ ਟਿਕਟਾਂ ਉਨ੍ਹਾਂ ਦੀ ਸਹਿਮਤੀ ਬਿਨਾਂ ਦਿੱਤੀਆਂ ਗਈਆਂ ਹਨ। ਨੇਤਾਵਾਂ ਨੇ ਕਿਹਾ ਕਿ ਭੰਡਾਰੀ ਨੇ ਪਾਰਟੀ ਦੀਆਂ ਅੰਦਰੂਨੀ ਗੱਲਾਂ ਨੂੰ ਜਨਤਕ ਕੀਤਾ ਹੈ, ਜਿਸ ਦੇ ਲਈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  
ਲਿਖਤੀ ਸ਼ਿਕਾਇਤ ਮਿਲੀ, ਸੂਬਾ ਹਾਈਕਮਾਨ ਨੂੰ ਭੇਜਾਂਗੇ : ਰਮੇਸ਼ ਸ਼ਰਮਾ
ਭਾਜਪਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਦੇ ਕੁਝ ਵਰਕਰ ਅੱਜ ਉਨ੍ਹਾਂ ਨੂੰ ਮਿਲੇ ਹਨ ਅਤੇ ਆਪਣਾ ਰੋਸ ਪ੍ਰਗਟ ਕੀਤਾ ਹੈ। ਇਨ੍ਹਾਂ ਨੇਤਾਵਾਂ ਨੇ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਚੋਣਾਂ ਵਿਚ ਹਾਰ ਦੇ ਕਾਰਨ ਸਬੂਤ ਦੇ ਤੌਰ 'ਤੇ ਉਨ੍ਹਾਂ ਨੂੰ ਦਿੱਤੇ ਹਨ, ਜਿਸ ਨੂੰ ਪ੍ਰਦੇਸ਼  ਭਾਜਪਾ ਨੂੰ ਭੇਜਿਆ ਜਾਵੇਗਾ।