ਕਾਲੀ ਮਾਤਾ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਫਿਰ ਲੜਾਈ

06/24/2018 12:51:44 PM

ਬਠਿੰਡਾ (ਬਲਵਿੰਦਰ) — ਹੋਰ ਵੱਡੇ ਅਹੁਦਿਆਂ ਨੂੰ ਲੈ ਕੇ ਲੜਾਈਆਂ ਹੋਣਾ ਭਾਰਤ ਦਾ ਇਤਿਹਾਸ ਹੈ, ਪਰ ਹੁਣ ਹਲਾਤ ਇਹ ਹੋ ਗਏ ਹਨ ਕਿ ਧਾਰਮਕ ਸਥਾਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਲੜਾਈਆਂ ਹੋਣ ਲੱਗੀਆਂ ਹਨ। ਜਿਵੇਂ ਕਿ ਮਾਨਸਾ ਰੋਡ 'ਤੇ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਅਕਸਰ ਲੜਾਈ ਦਾ ਮੈਦਾਨ ਬਣਿਆ ਰਹਿੰਦਾ ਹੈ। ਬੀਤੇ ਦਿਨ ਫਿਰ ਸਾਬਕਾ ਪੁਜਾਰੀ ਤੇ ਮੰਦਰ ਕਮੇਟੀ ਦੇ ਸਕੱਤਰ ਵਿਚਕਾਰ ਖੂਨੀ ਝੜਪ ਹੋ ਗਈ। ਦੋਵੇਂ ਧਿਰਾਂ ਜ਼ਖਮੀ ਹੋ ਕੇ ਹਸਪਤਾਲ 'ਚ ਦਾਖਲ ਹਨ।
ਕੀ ਕਹਿਣਾ ਹੈ ਸਕੱਤਰ ਦਾ
ਸ੍ਰੀ ਕਾਲੀ ਮਾਤਾ ਮੰਦਰ ਕਮੇਟੀ ਦੇ ਸਕੱਤਰ ਸੰਦੀਪ ਪਾਠਕ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਸਾਬਕਾ ਪੁਜਾਰੀ ਦਾ ਪਰਿਵਾਰ ਪ੍ਰਮੋਦ ਕੌਸ਼ਲ,ਵਿਸ਼ਵਨਾਥ ਤੇ ਹੋਰਨਾਂ ਨੇ ਮੰਦਰ 'ਚ ਲੱਗੇ ਬੈਨਰ ਆਦਿ ਫਾੜ੍ਹ ਦਿੱਤੇ। ਇਸ ਬਾਰੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਦੋਂ ਤੱਕ ਉਹ ਖੁਦ ਉਥੇ ਪਹੁੰਚਿਆਂ ਤਾਂ ਪੁਲਸ ਮੌਕਾ ਦੇਖ ਕੇ ਵਾਪਸ ਵੀ ਪਰਤ ਚੁੱਕੀ ਸੀ। ਉਸ ਨੇ ਮੰਦਰ ਦੀ ਵੀਡੀਓ ਬਣਾਉਣੀ ਚਾਹੀ ਤਾਂ ਪ੍ਰਮੋਦ ਕੌਸ਼ਲ ਤੇ ਸਥਾਈਆਂ ਨੇ ਨਾ ਸਿਰਫ ਉਸ ਦੀ ਕਾਰ ਦੀ ਭੰਨ-ਤੋੜ ਕੀਤੀ, ਸਗੋਂ ਉਸ ਦੀ ਵੀ ਕੁੱਟਮਾਰ ਕਰ ਦਿੱਤੀ। ਬੜੀ ਮੁਸ਼ਕਲ ਨਾਲ ਉਸ ਨੇ ਭੱਜ ਕੇ ਜਾਨ ਬਚਾਈ ਤੇ ਉਸ ਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ। 
ਕੀ ਕਹਿਣਾ ਹੈ ਪੁਜਾਰੀ ਦਾ
ਪ੍ਰਮੋਦ ਕੌਸ਼ਲ ਦਾ ਕਹਿਣਾ ਹੈ ਕਿ ਕਰੀਬ 2 ਵਜੇ ਸੰਦੀਪ ਪਾਠਕ ਤੇ ਸਾਥੀਆਂ ਨੇ ਆ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਔਰਤਾਂ ਨੇ ਬਚਾਓ ਕਨਰ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਉਹ ਵੀ ਹਸਪਤਾਲ 'ਚ ਦਾਖਲ ਹਨ। 
ਮਾਮਲਾ ਦਰਜ ਕੀਤਾ ਜਾਵੇਗਾ : ਡੀ. ਐੱਸ. ਪੀ.
ਜਾਂਚ ਕਰ ਰਹੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਬਣ ਚੁੱਕਾ ਹੈ। ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੁਲਜ਼ਮ ਧਿਰ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ ਕਿਉਂਕਿ ਇਸ ਮਸਲੇ ਹੱਲ ਖਾਤਰ ਸਖਤੀ ਕਰਨਾ ਜ਼ਰੂਰੀ ਹੋ ਗਿਆ ਹੈ। ਸੰਦੀਪ ਪਾਠਕ ਵਲੋਂ ਥਾਣਾ ਮੁਖੀ 'ਤੇ ਲਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਸ ਅਧਿਕਾਰੀ ਪੱਖਪਾਤ ਨਹੀਂ ਕਰਦਾ ਹੈ ਤਾਂ ਉਸ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਹੀ ਹਨ।