2019 ਚੋਣਾਂ ਲਈ ਅਕਾਲੀ ਦਲ ਨੇ ਖਿੱਚੀ ਤਿਆਰੀ (ਵੀਡੀਓ)

01/10/2019 10:27:23 AM

ਅੰਮ੍ਰਿਤਸਰ/ ਗੁਰਦਾਸਪੁਰ/ ਬਟਾਲਾ (ਛੀਨਾ, ਹਰਮਨਪ੍ਰੀਤ, ਮਠਾਰੂ, ਸੁਮਿਤ ਖੰਨਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਵਲੋਂ ਮਾਲਵਾ ਜ਼ੋਨ ਦੇ 7 ਜ਼ਿਲਾ ਪ੍ਰਧਾਨਾਂ ਦਾ ਐਲਾਨ ਕਰਨ ਤੋਂ ਬਾਅਦ ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਤੇ ਯੂਥ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਪਠਾਨਕੋਟ ਤੇ ਗੁਰਦਾਸਪੁਰ ਜ਼ਿਲਾ ਦਿਹਾਤੀ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਇਸ ਮੌਕੇ  ਗੱਲਬਾਤ ਕਰਦਿਆਂ ਕਾਹਲੋਂ ਤੇ ਗਿੱਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਇੰਚਾਰਜ ਬਿਕਰਮ ਸਿੰਘ ਮਜੀਠੀਆ ਦੀਆਂ ਹਦਾਇਤਾਂ ਤਹਿਤ ਜਸਪ੍ਰੀਤ ਸਿੰਘ ਰਾਣਾ ਨੂੰ ਜ਼ਿਲਾ ਦਿਹਾਤੀ ਪਠਾਨਕੋਟ ਤੇ ਰਮਨਦੀਪ ਸਿੰਘ ਸੰਧੂ ਨੂੰ ਜ਼ਿਲਾ ਦਿਹਾਤੀ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 12 ਜਨਵਰੀ ਨੂੰ ਸ. ਮਜੀਠੀਆ ਦੀ ਮੌਜੂਦਗੀ 'ਚ ਯੂਥ ਵਿੰਗ ਵੱਲੋਂ ਮਾਝੇ ਦੇ ਸਾਰੇ ਹੀ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਐਲਾਨ ਦਿੱਤੇ ਜਾਣਗੇ।

ਕਾਹਲੋਂ ਤੇ ਗਿੱਲ ਨੇ ਕਿਹਾ ਕਿ ਯੂਥ ਵਿੰਗ ਵਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਚੋਣਾਂ 'ਚ ਸਾਰੇ ਹੀ ਅਹੁਦੇਦਾਰ ਸੁਚਾਰੂ ਢੰਗ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਨੂੰ ਬੂਥ ਪੱਧਰ ਤੱਕ ਹੋਰ ਵੱਧ ਮਜ਼ਬੂਤ ਕਰਨ ਲਈ ਜਲਦ ਹੀ ਭਰਤੀ ਮੁਹਿੰਮ ਵੀ ਆਰੰਭ ਕੀਤੀ ਜਾਵੇਗੀ। ਇਸ ਮੌਕੇ ਪਠਾਨਕੋਟ ਜ਼ਿਲਾ ਦਿਹਾਤੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਤੇ ਗੁਰਦਾਸਪੁਰ ਜ਼ਿਲਾ ਦਿਹਾਤੀ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

ਇਥੇ ਦੱਸ ਦੇਈਏ ਕਿ ਸਾਰੀਆਂ ਪਾਰਟੀਆਂ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਪਾਰਟੀਆਂ ਨੂੰ ਵਧਾ ਰਹੀਆਂ ਨੇ ਤੇ ਨਵੀਂਆਂ ਨਿਯੁਕਤੀਆਂ ਕਰਕੇ ਪਾਰਟੀ ਦੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਵੰਡੀਆਂ ਜਾ ਰਹੀਆਂ ਹਨ।

Baljeet Kaur

This news is Content Editor Baljeet Kaur