ਕਾਹਲਵਾਂ ਦਾ ਫ਼ੌਜੀ ਡਿਊਟੀ ਦੌਰਾਨ ਸੜਕ ਹਾਦਸੇ ’ਚ ਸ਼ਹੀਦ, 3 ਸਾਲ ਪਹਿਲਾਂ ਹੋਇਆ ਸੀ ਵਿਆਹ

03/23/2021 3:26:22 PM

ਬਟਾਲਾ (ਸਾਹਿਲ/ਯੋਗੀ) - ਪਿੰਡ ਕਾਹਲਵਾਂ ਦੇ 29 ਸਾਲ ਦੇ ਜਵਾਨ ਦੀ ਡਿਊਟੀ ਦੌਰਾਨ ਸੜਕ ਹਾਦਸੇ ’ਚ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਫੌਜੀ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਣ ’ਤੇ ਪੂਰੇ ਪਰਿਵਾਰ ਅਤੇ ਪਿੰਡ ’ਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਫੌਜੀ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸਿਕੰਦਰ ਸਿੰਘ ਅੱਜ ਤੋਂ ਕਰੀਬ 9 ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ। ਉਸ ਦਾ ਵਿਆਹ ਕਰੀਬ 3 ਸਾਲ ਪਹਿਲਾਂ ਪਿੰਡ ਮਨੋਹਰਪੁਰ ਦੀ ਕੁੜੀ ਲਵਪ੍ਰੀਤ ਨਾਲ ਹੋਇਆ ਸੀ। ਉਸ ਦੀ ਇਕ ਡੇਢ ਸਾਲ ਦੀ ਕੁੜੀ ਵੀ ਹੈ।

ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਇਕੱਲਾ ਪੁੱਤ ਸੀ, ਜੋ ਡਿਊਟੀ ਦੌਰਾਨ ਸੜਕ ਹਾਦਸੇ ’ਚ ਸ਼ਹੀਦ ਹੋ ਗਿਆ। ਫੌਜ ਦੇ ਉੱਚ ਅਧਿਕਾਰੀ ਉਸ ਦੇ ਪੁੱਤ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਪਹੁੰਚੇ, ਜਿਸ ਨੂੰ ਦੇਖਦੇ ਸਾਰ ਪਰਿਵਾਰ ਵਾਲੇ ਭੁੰਬਾ ਮਾਰ ਕੇ ਰੌਣ ਲੱਗ ਪਏ। ਫੌਜ ਦੇ ਉੱਚ ਅਧਿਕਾਰੀਆਂ ਨੇ ਸਰਕਾਰੀ ਸਨਮਾਨਾਂ ਨਾਲ ਸਲਾਮੀ ਦੇਣ ਉਪਰੰਤ ਸ਼ਹੀਦ ਫੌਜੀ ਦਾ ਅੰਤਿਮ ਸੰਸਕਾਰ ਕੀਤਾ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ, ਐੱਮ. ਸੀ. ਗੁਰਦਿਲਬਾਗ ਸਿੰਘ ਮਾਹਲ, ਐੱਮ. ਸੀ. ਰਣਜੀਤ ਸਿੰਘ, ਸਰਪੰਚ ਸਿਕੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ। ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੰਤਰੀ ਮ੍ਰਿਤਕ ਫੌਜੀ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਨਹੀਂ ਹੋਇਆ, ਜਿਸ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਦੇ ਲੋਕਾਂ ’ਚ ਭਾਰੀ ਰੋਸ ਹੈ।
 

rajwinder kaur

This news is Content Editor rajwinder kaur