ਕਾਬੁਲ ਗੁਰਦੁਆਰਾ ਹਮਲਾ : ਲੁਧਿਆਣਾ ਪੁੱਜੀਆਂ 2 ਸਿੱਖਾਂ ਦੀਆਂ ਮ੍ਰਿਤਕ ਦੇਹਾਂ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

03/31/2020 4:10:23 PM

ਲੁਧਿਆਣਾ (ਮਹੇਸ਼, ਰਿਸ਼ੀ): ਅਫ਼ਗਾਨਿਸਤਾਨ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਿੱਖ ਵਿਅਕਤੀਆਂ 'ਚ ਸ਼ਾਮਲ ਲੁਧਿਆਣਾ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਸ਼ਹਿਰ ਪਹੁੰਚ ਗਈਆਂ।

ਮ੍ਰਿਤਕ ਜੀਵਨ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਨਾਨਕ ਨਗਰ, ਲੁਧਿਆਣਾ ਅਤੇ ਸ਼ੰਕਰ ਸਿੰਘ ਪੁੱਤਰ ਮੋਤੀ ਸਿੰਘ, ਛਾਉਣੀ ਮੁਹੱਲਾ, ਲੁਧਿਆਣਾ ਦੀਆਂ ਮ੍ਰਿਤਕ ਦੇਹਾਂ ਦਾ ਸਲੇਮ ਟਾਬਰੀ ਸਥਿਤ ਸ਼ਮਸ਼ਾਨਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਦੋਹਾਂ ਰੂਹਾਂ ਨੂੰ ਅੰਤਿਮ ਵਿਦਾਈ ਦੇਣ ਸਮੇਂ ਮ੍ਰਿਤਕ ਜੀਵਨ ਸਿੰਘ ਦੀ ਪਤਨੀ ਵੀ ਮੌਜੂਦ ਸੀ ਅਤੇ ਸ਼ਮਸ਼ਾਨ ਘਾਟ 'ਚ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਸਨ।

ਇਸ ਮੌਕੇ ਸਰਕਾਰ ਵੱਲੋਂ ਐਮ. ਐਲ. ਏ ਰਕੇਸ਼ ਪਾਂਡੇ, ਏ. ਡੀ. ਸੀ. ਪੀ ਗੁਰਪ੍ਰੀਤ ਸਿੰਘ ਸਿਕੰਦ ਅਤੇ ਏ. ਸੀ. ਪੀ. ਵਰਿਆਮ ਵੀ ਹਾਜ਼ਰ ਹਨ।

ਇਹ ਵੀ ਪੜ੍ਹੋ : ਕਾਬੁਲ ਗੁਰਦੁਆਰਾ ਹਮਲਾ : 3 ਸਾਲਾ ਬੱਚੀ ਕਹਿੰਦੀ ਰਹੀ-"ਡੈਡੀ ਬਚਾ ਲਓ"


ਅੱਤਵਾਦੀ ਹਮਲੇ ਹੋਈ ਸੀ 25 ਲੋਕਾਂ ਦੀ ਮੌਤ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਵਿਚ 25 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਸਮੇਂ ਇਹ ਹਮਲਾ ਹੋਇਆ, ਉਸ ਵਕਤ ਗੁਰਦੁਆਰੇ ਵਿਚ ਲਗਭਗ 150 ਸ਼ਰਧਾਲੂ ਮੌਜੂਦ ਸਨ।

ਇਸ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ। ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਲਗਭਗ 300 ਸਿੱਖ ਪਰਿਵਾਰ ਰਹਿੰਦੇ ਹਨ। ਕਾਬੁਲ ਅਤੇ ਜਲਾਲਾਬਾਦ ਵਿਚ ਸਿੱਖਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਗੁਰਦੁਆਰੇ ਵੀ ਹਨ। 

ਇਹ ਵੀ ਪੜ੍ਹੋ : ਸਿੱਖ ਭਾਈਚਾਰੇ ਨੇ ਕੀਤੀ ਕਾਬੁਲ ਗੁਰਦੁਆਰੇ 'ਤੇ ਅੱਤਵਾਦੀ ਹਮਲੇ ਦੀ ਜਾਂਚ ਦੀ ਮੰਗ

ਭਾਰਤ ਵਲੋਂ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਵੀ ਅਫਗਾਨਿਸਤਾਨ ਦੇ ਇਸਲਾਮਿਕ ਸਟੇਟ ਨਾਲ ਸਬੰਧਤ ਹਮਲਾਵਰਾਂ ਨੇ ਕਾਬੁਲ ਵਿਚ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ 32 ਲੋਕਾਂ ਦੀ ਮੌਤ ਹੋ ਗਈ ਸੀ। ਸਿੱਖਾਂ ਨੂੰ ਰੂੜ੍ਹੀਵਾਦੀ ਮੁਸਲਮਾਨਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸਲਾਮਿਕ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿਚ ਬਹੁਗਿਣਤੀ ਹਿੰਦੂ ਤੇ ਸਿੱਖ ਭਾਰਤ ਵਿਚ ਪਨਾਹ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਕਾਬੁਲ ਗੁਰਦੁਆਰਾ ਹਮਲੇ 'ਚ ਆਪਣਿਆਂ ਨੂੰ ਗੁਆ ਚੁੱਕੇ ਸਿੱਖਾਂ ਦੇ ਸਵਾਲ, ਸਾਡਾ ਕੀ ਕਸੂਰ?


 

Babita

This news is Content Editor Babita