ਸਾਲ ਬੀਤ ਜਾਣ ਦੇ ਬਾਵਜੂਦ ਕਬੱਡੀ ਵਰਲਡ ਕੱਪ ਜੇਤੂਆਂ ਨੂੰ ਨਹੀਂ ਦਿੱਤੀ ਗਈ ਇਨਾਮੀ ਰਕਮ

11/15/2017 1:07:30 PM

ਜਲੰਧਰ, (ਬਿਊਰੋ)— ਸਰਕਾਰ ਬਦਲਣ ਦੇ ਬਾਅਦ ਵਰਲਡ ਕਬੱਡੀ ਕੱਪ ਦੇ ਆਯੋਜਨ ਨੂੰ ਲੈ ਕੇ ਕੋਈ ਤਿਆਰੀ ਨਹੀਂ ਹੈ। ਪਿਛਲੇ ਸਾਲ ਵਰਲਡ ਕਬੱਡੀ ਕੱਪ 3 ਤੋਂ 17 ਨਵੰਬਰ ਨੂੰ ਹੋਇਆ ਸੀ, ਪਰ ਉਸ ਦੇ ਜੇਤੂਆਂ ਨੂੰ ਅਜੇ ਤੱਕ ਇਨਾਮੀ ਰਕਮ ਨਹੀਂ ਮਿਲੀ ਹੈ ਅਤੇ ਆਯੋਜਨ ਦੇ 9.50 ਕਰੋੜ ਰੁਪਏ ਅਜੇ ਤੱਕ ਬਕਾਇਆ ਹਨ।

ਇਸ 'ਚ ਪੁਰਸ਼ ਵਰਗ 'ਚ ਜੇਤੂ ਭਾਰਤੀ ਟੀਮ ਨੂੰ 2 ਕਰੋੜ ਰੁਪਏ, ਉਪ ਜੇਤੂ ਇੰਗਲੈਂਡ ਨੂੰ 1 ਕਰੋੜ ਰੁਪਏ ਅਤੇ ਤੀਜੇ ਸਥਾਨ ਵਾਲੀ ਯੂ.ਐੱਸ.ਏ. ਦੀ ਟੀਮ ਨੂੰ 51 ਲੱਖ ਸਮੇਤ ਮਹਿਲਾਵਾਂ ਦੀ ਜੇਤੂ ਭਾਰਤੀ ਟੀਮ ਨੂੰ 1 ਕਰੋੜ ਰੁਪਏ, ਉਪ ਜੇਤੂ ਯੂ.ਐੱਸ.ਏ. ਨੂੰ 50 ਲੱਖ ਅਤੇ ਤੀਜੇ ਸਥਾਨ ਵਾਲੀ ਨਿਊਜ਼ੀਲੈਂਡ ਦੇ 31 ਲੱਖ ਰੁਪਏ ਦੇ ਨਾਲ-ਨਾਲ ਹੋਰਨਾਂ ਟੀਮਾਂ ਨੂੰ ਇਨਾਮੀ ਰਕਮ ਨਹੀਂ ਦਿੱਤੀ ਗਈ। ਇਸ ਬਾਰੇ ਪਹਿਲਾਂ ਤੋਂ ਹੀ ਖਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਕਬੱਡੀ ਕੱਪ ਨੂੰ ਕਾਂਗਰਸ ਸਰਕਾਰ ਜਾਰੀ ਨਹੀਂ ਰਖੇਗੀ। ਸਰਕਾਰ ਵੱਲੋਂ ਪਿਛਲੇ ਸਾਲ ਦੇ ਬਕਾਇਆ ਕਰੀਬ 9.50 ਕਰੋੜ ਰੁਪਏ ਇਸ ਦੀ ਮੁੱਖ ਵਜ੍ਹਾ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਪਿਛਲੇ ਸਾਲ ਦੀ ਇਨਾਮੀ ਰਕਮ ਦਿੱਤੇ ਜਾਣ ਦੇ ਬਾਅਦ ਹੀ ਨਵੀਆਂ ਯੋਜਨਾਵਾਂ ਦੇ ਬਾਰੇ 'ਚ ਸੋਚਿਆ ਜਾਵੇਗਾ। 

6ਵੇਂ ਕਬੱਡੀ ਵਰਲਡ ਕੱਪ ਦੀ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੇ ਪਿਛਲੇ ਦਿਨਾਂ 'ਚ ਇਨਾਮੀ ਰਕਮ ਹਾਸਲ ਕਰਨ ਦੇ ਲਈ ਕੋਚ ਹਰਪ੍ਰੀਤ ਬਾਬਾ ਦੇ ਨਾਲ ਮਿਲ ਕੇ ਡਿਪਟੀ ਡਾਇਰੈਕਟਰ ਸਪੋਰਟਸ ਸੁਰਜੀਤ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਸੀ। ਪਿਛਲੇ ਸਾਲ ਕਬੱਡੀ ਵਰਲਡ ਕੱਪ ਦੇ ਪੁਰਸ਼ ਵਰਗ 'ਚ 12 ਅਤੇ ਮਹਿਲਾਵਾਂ 'ਚ 10 ਟੀਮਾਂ ਨੇ ਹਿੱਸਾ ਲਿਆ ਸੀ।

ਬਕਾਇਆ ਖਤਮ ਕਰਨਾ ਪਹਿਲੀ ਤਰਜੀਹ : ਡਾਇਰੈਕਟਰ
ਸਪੋਰਟਸ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪਿਛਲੀ ਸਰਕਾਰ ਵੱਲੋਂ ਖਿਡਾਰੀਆਂ ਨੂੰ ਨਾ ਦੇਣ ਵਾਲੇ ਫੰਡ ਨੂੰ ਕਲੀਅਰ ਕਰਨਾ ਹੈ। ਪਿਛਲੇ ਸਾਲ ਦੇ ਕਬੱਡੀ ਵਰਲਡ ਕੱਪ ਦਾ 9.50 ਕਰੋੜ ਰੁਪਿਆ ਬਕਾਇਆ ਹੈ। ਪੁਰਾਣਾ ਬਕਾਇਆ ਪਹਿਲਾਂ ਕਲੀਅਰ ਕਰਨਾ ਹੈ। ਸਰਕਾਰ ਅੰਡਰ-17 'ਚ ਸੂਬਾ ਪੱਧਰੀ ਗੇਮਸ ਕਰਵਾ ਰਹੀ ਹੈ। ਇਸ 'ਚ 20 ਤੋਂ 22 ਨਵੰਬਰ ਨੂੰ ਜਲੰਧਰ 'ਚ ਲੜਕੇ ਅਤੇ 27 ਤੋਂ 29 ਨਵੰਬਰ ਨੂੰ ਅੰਮ੍ਰਿਤਸਰ 'ਚ ਲੜਕੀਆਂ ਦੇ ਮੁਕਾਬਲੇ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਖਿਆਲ ਹੈ, ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ।