ਟਾਂਡਾ ਵਿਖੇ ਵਾਲੀਬਾਲ ਅਤੇ ਕਬੱਡੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ

02/22/2018 6:01:46 PM

ਟਾਂਡਾ(ਮੋਮੀ, ਪੰਡਿਤ)— ਸੰਤ ਬਾਬਾ ਸੋਹਣ ਸਿੰਘ ਯਾਦਗਾਰੀ ਕਲੱਬ ਕਾਂਵਾ ਵੱਲੋਂ ਸੰਤ ਬਾਬਾ ਸੋਹਣ ਸਿੰਘ ਯਾਦਗਾਰੀ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਸ਼ੁਰੂ ਕੀਤਾ ਗਿਆ। ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸੇਵਾਦਾਰ ਗਿਆਨੀ ਜਸਵਿੰਦਰ ਸਿੰਘ ਬੁੱਗਾ ਨੇ ਕੀਤਾ। ਟੂਰਨਾਮੈਂਟ ਦੌਰਾਨ ਵਾਲੀਬਾਲ ਦੇ ਉਦਘਾਟਨ ਮੰਚ ਦੌਰਾਨ ਮੇਜ਼ਬਾਨ ਕਲੱਬ ਕਾਂਵਾ ਨੇ ਸਹਿਜੇਵਾਲ ਅਤੇ ਦੂਜੇ ਮੰਚ 'ਚ ਕੰਧਾਲਾ ਜੱਟਾਂ ਦੀ ਟੀਮ ਨੇ ਸਹਿਬਾਜ਼ਪੁਰ ਦੀ ਟੀਮ ਨੂੰ ਹਰਾਇਆ। 
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਵਾਲੀਬਾਲ ਤੋਂ ਇਲਾਵਾ 23,24 ਅਤੇ 25 ਫਰਵਰੀ ਨੂੰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ 'ਚ ਓਪਨ ਕਬੱਡੀ ਟੀਮ ਨੂੰ ਪਹਿਲਾ ਇਨਾਮ 31 ਹਜ਼ਾਰ ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 14 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਪ੍ਰਧਾਨ ਬਲਵੀਰ ਸਿੰਘ ਝਾਵਰ, ਜਥੇਦਾਰ ਰਵਜੀਤ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਮੰਗਤਾਰ ਸਿੰਘ, ਜਥੇਦਾਰ ਨਰਿੰਦਰ ਸਿੰਘ ਆਦਿ ਹਾਜ਼ਰ ਸਨ।