ਕਬੱਡੀ ਖਿਡਾਰੀ ਨੇ ਘਰ ''ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

08/26/2019 6:58:53 PM

ਮੋਗਾ (ਆਜ਼ਾਦ) : ਮੋਗਾ ਦੇ ਨਜ਼ਦੀਕੀ ਪਿੰਡ ਨੱਥੋ ਕੇ ਵਾਸੀ ਕਬੱਡੀ ਖਿਡਾਰੀ ਜਗਤਾਰ ਸਿੰਘ ਉਰਫ ਤਾਰਾ (22) ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਵਲੋਂ ਮ੍ਰਿਤਕ ਦੇ ਪਿਤਾ ਨਾਇਬ ਸਿੰਘ ਪੁੱਤਰ ਬਲੌਰ ਸਿੰਘ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਸ ਮੁਤਾਬਕ ਜਗਤਾਰ ਸਿੰਘ ਉਰਫ ਤਾਰਾ ਜਿਸਦਾ ਵਿਆਹ ਕਰੀਬ ਢਾਈ-ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਬਾਅਦ ਵਿਚ ਉਸਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਨਾਇਬ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਦਾ ਹੈ ਅਤੇ ਮੇਰੇ ਚਾਰ ਬੇਟੀਆਂ ਹਨ ਜੋ ਵਿਆਹੀਆਂ ਹੋਈਆਂ ਹਨ, ਇਸ ਤੋਂ ਇਲਾਵਾ ਦੋ ਬੇਟੇ ਹਨ। ਪਿਛਲੀ ਰਾਤ ਕਰੀਬ 10 ਵਜੇ ਉਸ ਦਾ ਵੱਡਾ ਮੁੰਡਾ ਜਗਤਾਰ ਸਿੰਘ ਉਰਫ ਤਾਰਾ ਜੋ ਪਹਿਲਾਂ ਕਬੱਡੀ ਖਿਡਾਰੀ ਸੀ ਮਾਨਸਿਕ ਪ੍ਰੇਸ਼ਾਨੀ ਕਾਰਨ ਘਰ ਦੇ ਸਾਮਾਨ ਦੀ ਤੋੜਭੰਨ ਕਰਕੇ ਬਾਹਰ ਸੁੱਟਣ ਲੱਗਾ ਜਦੋਂ ਮੈ ਅਤੇ ਮੇਰੀ ਪਤਨੀ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸਨੇ ਸਾਡੀ ਕੋਈ ਨਾ ਸੁਣੀ ਤੇ ਸਾਡੀ ਮਾਰਕੁੱਟ ਕਰਨ ਲੱਗਾ ਅਤੇ ਅਸੀਂ ਡਰ ਕੇ ਆਪਣੇ ਸਾਂਢੂ ਬੂਟਾ ਸਿੰਘ ਕੋਲ ਘੋਲੀਆਂ ਕਲਾਂ ਵਿਖੇ ਚਲੇ ਗਏ। ਘਰ ਵਿਚ ਜਗਤਾਰ ਸਿੰਘ ਇਕੱਲਾ ਹੀ ਸੀ। ਜਦਕਿ ਛੋਟਾ ਮੁੰਡਾ ਇੰਦਰਜੀਤ ਸਿੰਘ ਜੋ ਟਰੱਕ ਟਰਾਲਾ ਚਲਾਉਂਦਾ ਹੈ ਦੋ ਮਹੀਨਿਆ ਤੋਂ ਬਾਹਰ ਗਿਆ ਹੋਇਆ ਹੈ। 

ਇਸ ਦੌਰਾਨ ਜਦੋਂ ਅਸੀਂ ਸਵੇਰੇ 6 ਵਜੇ ਘਰ ਵਾਪਸ ਆਏ ਤਾਂ ਦੇਖਿਆ ਕਿ ਜਗਤਾਰ ਸਿੰਘ ਉਰਫ ਤਾਰਾ ਘਰ ਵਿਚ ਇਕ ਕਮਰੇ ਦੀ ਗਾਡਰ ਨਾਲ ਲਟਕ ਰਿਹਾ ਸੀ ਜਦੋਂ ਅਸੀਂ ਉਸਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਜਿਸ 'ਤੇ ਮੈਂ ਭਰਾ ਅਜੈਬ ਸਿੰਘ ਨੇ ਦੱਸਿਆ ਅਤੇ ਬਾਅਦ ਵਿਚ ਪੁਲਸ ਨੂੰ ਸੂਚਿਤ ਕੀਤਾ। ਨਾਇਬ ਸਿੰਘ ਨੇ ਕਿਹਾ ਕਿ ਉਸਦੇ ਬੇਟੇ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆ ਖੁਦਕੁਸ਼ੀ ਕੀਤੀ ਹੈ। 

ਨਸ਼ੇ ਕਾਰਨ ਕਬੱਡੀ ਖੇਡਣ ਤੋਂ ਸੀ ਰੋਕਿਆ
ਮ੍ਰਿਤਕ ਦੇ ਪਿਤਾ ਨਾਇਬ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜਗਤਾਰ ਸਿੰਘ ਕਬੱਡੀ ਖਿਡਾਰੀ ਸੀ ਅਤੇ ਉਸਨੇ ਕਬੱਡੀ ਖੇਡਣ ਸਮੇਂ ਕਈ ਇਨਾਮ ਜਿੱਤੇ ਸਨ। ਉਹ ਕਬੱਡੀ ਖੇਡਦੇ ਸਮੇਂ ਥੋੜਾ ਨਸ਼ਾ ਕਰ ਲੈਂਦਾ ਸੀ, ਜਿਸ ਦਾ ਪਤਾ ਲੱਗਣ 'ਤੇ ਕਬੱਡੀ ਪ੍ਰਬੰਧਕਾਂ ਨੇ ਕਬੱਡੀ ਖੇਡਣ ਤੋਂ ਰੋਕ ਦਿਤਾ ਸੀ। ਜਿਸ ਕਾਰਨ ਉਸਦੇ ਬੇਟੇ ਨੂੰ ਮਾਨਸਿਕ ਤੌਰ 'ਤੇ ਸੱਟ ਵੱਜੀ। ਇਸ ਤੋਂ ਬਾਅਦ ਜਗਤਾਰ ਨੇ ਨਸ਼ਾ ਕਰਨਾ ਵੀ ਛੱਡ ਦਿੱਤਾ ਪਰ ਉਹ ਕਬੱਡੀ ਨਾ ਖੇਡ ਸਕਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਨੂੰ ਆਰਥਿਕ ਤੰਗੀ ਜ਼ਿਆਦਾ ਪ੍ਰੇਸ਼ਾਨ ਕਰਦੀ ਸੀ ਜਿਸ ਕਰਕੇ ਉਹ ਮੇਰੇ ਅਤੇ ਆਪਣੀ ਮਾਂ ਕੋਲੋ ਜ਼ਬਰੀ ਪੈਸੇ ਮੰਗ ਲੈਂਦਾ ਸੀ। ਇਸ ਕਾਰਨ ਉਹ ਘਰ ਵਿਚ ਪਏ ਸਾਮਾਨ ਦੀ ਤੋੜਫੋੜ ਵੀ ਕਰਦਾ, ਅਸੀ ਉਸਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਉਸਨੇ ਸਾਡੀ ਕੋਈ ਵੀ ਗੱਲ ਨਾ ਸੁਣੀ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਅਸੀਂ ਪੁਲਸ ਪਾਰਟੀ ਸਮੇਤ ਉਥੇ ਪਹੁੰਚੇ ਅਤੇ ਜਾਂਚ ਤੋਂ ਇਲਾਵਾ ਆਸਪਾਸ ਦੇ ਲੋਕਾਂ ਕੋਲੋ ਇਸ ਦੀ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਜਗਤਾਰ ਸਿੰਘ ਉਰਫ ਤਾਰਾ ਦੇ ਪਿਤਾ ਨਾਇਬ ਸਿੰਘ ਵਾਸੀ ਪਿੰਡ ਨੱਥੋਂ ਕੇ ਦੇ ਬਿਆਨਾਂ 'ਤੇ ਕਾਰਵਾਈ ਕਰਨ ਦੇ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਸੌਪ ਦਿੱਤਾ।

Gurminder Singh

This news is Content Editor Gurminder Singh