ਕਬੱਡੀ ਖਿਡਾਰੀ ਬਿੰਦਰੂ ’ਤੇ ਗੋਲ਼ੀਆਂ ਚਲਾਉਣ ਵਾਲਾ ਬਿਸ਼ਨੋਈ ਗੈਂਗ ਦਾ ਦੂਜਾ ਸ਼ੂਟਰ ਵੀ ਗ੍ਰਿਫਤਾਰ

01/20/2024 4:05:50 PM

ਪਟਿਆਲਾ (ਬਲਜਿੰਦਰ) : ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਕੀਤੇ ਗਏ ਜੁਆਇੰਟ ਆਪ੍ਰੇਸ਼ਨ ’ਚ ਮੋਗਾ ਦੇ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਦੇ ਇਰਾਦਾ ਕਤਲ ਕੇਸ ਦਾ ਦੂਜਾ ਸ਼ੂਟਰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ 2 ਪਿਸਟਲ .32 ਬੋਰ ਸਮੇਤ 10 ਰੋਂਦ ਬਰਾਮਦ ਕੀਤੇ ਗਏ ਹਨ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਭਗੌੜੇ ਕ੍ਰਿਮੀਨਲ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਅਤੇ ਸਿਟੀ-1 ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਪਟਿਆਲਾ ਪੁਲਸ ਨੇ ਮੋਗਾ ਦੇ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ’ਤੇ ਪਿੰਡ ਧੂਰਕੋਟ ਵਿਖੇ ਹੋਏ ਜਾਨਲੇਵਾ ਹਮਲੇ ਦੇ ਦੂਸਰੇ ਸ਼ੂਟਰ ਯਸਮਨ ਸਿੰਘ ਉਰਫ ਯੱਸੂ ਉਰਫ ਅਮਨ ਪੁੱਤਰ ਲੇਟ ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ 3 ਮੇਨ ਗਲੀ ਮੁਹੱਲਾ ਹਜੂਰਾ ਕਪੂਰਾ ਬਰਨਾਲਾ ਰੋਡ ਥਾਣਾ ਥਰਮਲ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ 2 ਪਿਸਟਲ 32 ਬੋਰ ਸਮੇਤ 10 ਰੋਂਦ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਯਸਮਨ ਸਿੰਘ ਉਰਫ ਯੱਸੂ ਉਰਫ ਅਮਨ ਜੋ ਲਾਰੈਂਸ ਬਿਸ਼ਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ, ਜੋ ਜੱਗਾ ਧੂਰਕੋਟ ਦੇ ਕਹਿਣ ’ਤੇ ਹੀ ਹਰਵਿੰਦਰ ਬਿੰਦਰੂ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਯਸਮਨ ਸਿੰਘ ਉਰਫ ਯੱਸੂ ਖਿਲਾਫ ਗੁਪਤ ਸੂਚਨਾ ਦੇ ਆਧਾਰ ’ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਸੀ. ਆਈ. ਏ. ਪਟਿਆਲਾ ਦੀਆਂ ਟੀਮਾਂ ਵੱਲੋਂ ਹਰਿਆਣਾ ਸਟੇਟ ਨਾਲ ਲੱਗਦੇ ਰਸਤਿਆਂ ’ਤੇ ਖੂਫੀਆਂ ਤੌਰ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਅੱਜ ਸਵੇਰੇ ਸ਼ੰਭੂ ਬਾਰਡਰ ਮੇਨ ਹਾਈਵੇ ਤੋਂ ਯਸਮਨ ਸਿੰਘ ਉਰਫ ਯੱਸੂ ਉਰਫ ਅਮਨ ਨੂੰ ਗ੍ਰਿਫਤਾਰ ਕੀਤਾ ਗਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿ 23 ਅਕਤੂਬਰ 2023 ਨੂੰ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਵਾਸੀ ਧੂਰਕੋਟ ਰਣਸੀਂਹ ਥਾਣਾ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਨੂੰ ਮਾਰ ਦੇਣ ਦੀ ਨੀਅਤ ਨਾਲ ਲੋਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਜਗਦੀਪ ਸਿੰਘ ਜੱਗਾ ਵਾਸੀ ਧੂਰਕੋਟ ਰਣਸੀਂਹ ਵੱਲੋਂ ਕਤਲ ਕਰਨ ਦੀ ਸਾਜ਼ਿਸ਼ ਤਹਿਤ ਫਾਇਰਿੰਗ ਕਰ ਕੇ ਹਰਵਿੰਦਰ ਬਿੰਦਰੂ ਜ਼ਖਮੀ ਕੀਤਾ ਸੀ। ਇਸ ਕੇਸ ’ਚ ਪਟਿਆਲਾ ਪੁਲਸ ਵੱਲੋਂ ਇਸ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ’ਤੇ ਜਾਨਲੇਵਾ ਵਾਰਦਾਤ ’ਚ ਸ਼ਾਮਿਲ ਪਹਿਲੇ ਸ਼ੂਟਰ ਸੰਦੀਪ ਸਿੰਘ ਸੀਪਾ ਪੁੱਤਰ ਜਸਪਾਲ ਸਿੰਘ ਵਾਸੀ ਸਿਉਣਾ ਥਾਣਾ ਤ੍ਰਿਪਡ਼ੀ ਅਤੇ ਇਸ ਦੇ ਸਾਥੀ ਬੇਅੰਤ ਸਿੰਘ ਉਰਫ ਨੂਰ ਪੁੱਤਰ ਜਸਵੀਰ ਸਿੰਘ ਵਾਸੀ ਰਣਸੀਂਹ ਖੁਰਦ ਥਾਣਾ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਨੂੰ ਲੰਘੀ 28 ਦਸੰਬਰ ਨੂੰ ਗ੍ਰਿਫਤਾਰ ਕਰ ਕੇ 3 ਪਿਸਟਲ ਸਮੇਤ 10 ਰੋਂਦ ਬਰਾਮਦ ਕੀਤੇ।

ਐੱਸ. ਐੱਸ. ਪੀ. ਨੇ ਦੱਸਿਆ ਕਿ ਕਬੱਡੀ ਖਿਡਾਰੀ ਦੇ ਇਰਾਦਾ ਕਤਲ ਕੇਸ ’ਚ ਪਟਿਆਲਾ ਪੁਲਸ ਵੱਲੋਂ ਹੁਣ ਤੱਕ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਹੀ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਜੱਗਾ ਵਾਸੀ ਧੂਰਕੋਟ ਰਣਸੀਂਹ ਗੈਂਗ ਦੇ ਸਰਗਰਮ ਮੈਂਬਰ ਸਨ। ਇਸ ਮੌਕੇ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਅਤੇ ਸਿਟੀ-1 ਸੁਖਅੰਮ੍ਰਿਤ ਸਿੰਘ ਰੰਧਾਵਾ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸ: ਹਰਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।

Gurminder Singh

This news is Content Editor Gurminder Singh