ਦੁਰਗਿਆਣਾ ਮੰਦਰ ਨਹੀਂ ਗਏ ਜਸਟਿਨ ਟਰੂਡੋ

02/22/2018 2:47:44 AM

ਅੰਮ੍ਰਿਤਸਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ ਕਰੀਬ ਸਾਢੇ 6 ਘੰਟੇ ਗੁਰੂ ਨਗਰੀ ਵਿਚ ਰਹੇ। ਸਵੇਰੇ 10 ਵਜੇ ਹੀ ਉਨ੍ਹਾਂ ਦਾ ਚਾਰਟਰਡ ਪਲੇਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਗਿਆ ਸੀ ਅਤੇ 11.35 ਵਜੇ ਉਹ ਹਵਾਈ ਅੱਡੇ ਤੋਂ ਦਰਬਾਰ ਸਾਹਿਬ ਲਈ ਰਵਾਨਾ ਹੋਏ। ਦਰਬਾਰ ਸਾਹਿਬ ਵਿਚ ਜਸਟਿਨ ਟਰੂਡੋ ਕਰੀਬ ਇਕ ਘੰਟਾ ਰੁਕੇ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੋਫੀ ਅਤੇ ਬੱਚੇ ਮੌਜੂਦ ਸੀ। ਉਸ ਦੇ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਲਈ ਹੋਟਲ ਤਾਜ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ 40 ਮਿੰਟ ਤਕ ਮੁਲਾਕਾਤ ਹੋਈ ਅਤੇ ਸ਼ਾਮ 4.40 ਵਜੇ ਉਨ੍ਹਾਂ ਦਾ ਪਲੇਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਟੇਕ ਆਫ ਹੋ ਗਿਆ। ਆਪਣੇ ਇਸ ਸਾਢੇ 6 ਘੰਟੇ ਦੇ ਦੌਰੇ ਦੌਰਾਨ ਜਸਟਿਨ ਟਰੂਡੋ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਸ੍ਰੀ ਦੁਰਗਿਆਣਾ ਮੰਦਰ ਨਹੀਂ ਗਏ। ਇਸ ਕਾਰਨ ਹਿੰਦੂ ਸਮਾਜ ਆਪਣੇ ਆਪ ਨੂੰ ਦੁਖੀ ਮਹਿਸੂਸ ਕਰ ਰਿਹਾ ਹੈ।
ਕੈ. ਅਮਰਿੰਦਰ ਸਿੰਘ ਨਾਲ ਮੁਲਾਕਾਤ ਤੈਅ ਹੋ ਸਕਦੀ ਹੈ ਤਾਂ ਸ੍ਰੀ ਦੁਰਗਿਆਣਾ ਮੰਦਰ ਬਾਰੇ ਪ੍ਰੋਗਰਾਮ ਕਿਉਂ ਨਹੀਂ?
ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨਰਮੇਸ਼ ਚੰਦਰ ਸ਼ਰਮਾ ਨੇ ਅੱਜ 'ਜਗ ਬਾਣੀ' ਨੂੰ ਦਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੰਮ੍ਰਿਤਸਰ ਦੌਰੇ 'ਤੇ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਸ੍ਰੀ ਦੁਰਗਿਆਣਾ ਮੰਦਰ ਵਿਚ ਦਰਸ਼ਨਾਂ ਲਈ ਨਾ ਆਉਣ ਪਰ ਹਿੰਦੂ ਜਗਤ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਟਰੂਡੋ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਕਰੀਬ 24 ਘੰਟੇ ਪਹਿਲਾਂ ਤਕ ਕੋਈ ਰੂਪ-ਰੇਖਾ ਤੈਅ ਨਹੀਂ ਸੀ। ਜਦ ਕੈ. ਅਮਰਿੰਦਰ ਸਿੰਘ ਦੀ ਮੁਲਾਕਾਤ ਦੀ ਰੂਪ-ਰੇਖਾ 24 ਘੰਟੇ ਵਿਚ ਬਣ ਸਕਦੀ ਹੈ ਤਾਂ ਫਿਰ ਟਰੂਡੋ ਇੰਨੇ ਸਮੇਂ ਵਿਚ ਸ੍ਰੀ ਦੁਰਗਿਆਣਾ ਮੰਦਰ ਵਿਚ ਮੱਥਾ ਟੇਕਣ ਦਾ ਪ੍ਰੋਗਰਾਮ ਕਿਉਂ ਨਹੀਂ ਬਣਾ ਸਕਦੇ ਸੀ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੰਮ੍ਰਿਤਸਰ ਦੌਰੇ ਦਾ ਪ੍ਰੋਗਰਾਮ ਬਣਾਉਂਦੇ ਸਮੇਂ ਸ੍ਰੀ ਦੁਰਗਿਆਣਾ ਤੀਰਥ ਨੂੰ ਅਣਦੇਖਿਆ ਕੀਤਾ ਗਿਆ। ਪ੍ਰੋਗਰਾਮ ਬਣਾਉਂਦੇ ਸਮੇਂ ਕਿਥੇ ਤਰੂਟੀ ਹੋਈ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।