ਟਰੂਡੋ ਨੂੰ ਬੋਲੇ ਕੈਪਟਨ, ਖਾਲਿਸਤਾਨੀਆਂ ਨੂੰ ਫੰਡ ਕਰ ਰਹੇ ਹਨ ਕੈਨੇਡਾ ਦੇ ਗਰਮ ਖਿਆਲੀ

02/21/2018 7:19:28 PM

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦੌਰਾਨ ਖਾਲਿਸਤਾਨ ਦਾ ਮੁੱਦਾ ਚੁੱਕਿਆ ਹੈ। ਮੁਲਾਕਾਤ ਤੋਂ ਬਾਅਦ ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿਚ ਵੱਖਵਾਦੀ ਤਾਕਤਾਂ ਨੂੰ ਉਤਸ਼ਾਹਤ ਕਰਨ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ ਅਤੇ ਫੰਡਿੰਗ ਕਰਨ ਵਾਲਿਆਂ ਵਿਚ ਕੈਨੇਡਾ ਦੇ ਗਰਮਖਿਆਲੀ ਸਿੱਖ ਵੀ ਸ਼ਾਮਿਲ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਇਹ ਮੁੱਦਾ ਜਸਟਿਨ ਟਰੂਡੋ ਦੇ ਸਾਹਮਣੇ ਚੁੱਕਿਆ ਹੈ, ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਸਹਿਯੋਗ ਕਰਨ ਦੀ ਗੱਲ ਵੀ ਆਖੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੋਈਆਂ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੀ ਐੱਨ. ਆਈ. ਏ. ਵਲੋਂ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਵੱਖਵਾਦੀ ਤਾਕਤਾਂ ਨੂੰ ਹੁਲਾਰਾ ਦੇਣ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ। ਖਾਲਿਸਤਾਨੀ ਸਮਰਥਕਾਂ ਨੂੰ ਫੰਡ ਦੇਣ ਵਿਚ ਯੂ. ਕੇ, ਅਮਰੀਕਾ ਤੋਂ ਇਲਾਵਾ ਕੈਨੇਡਾ ਦੇ ਗਰਮਖਿਆਲੀ ਅਤੇ ਖਾਲਿਸਤਾਨੀ ਸਮਰਥਕ ਵੀ ਸ਼ਾਮਿਲ ਹਨ।
ਕਾਬਲੇਗੌਰ ਹੈ ਕਿ ਸਤੰਬਰ 2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦੌਰਾਨ ਵੀ ਖਾਲਿਸਤਾਨ ਦਾ ਮੁੱਦਾ ਚੁੱਕਿਆ ਸੀ। ਜਸਟਿਨ ਟਰੂਡੋ ਦੀ ਕੈਬਨਿਟ ਵਿਚ ਚਾਰ ਸਿੱਖ ਮੰਤਰੀ ਸ਼ਾਮਿਲ ਹਨ ਅਤੇ ਇਨ੍ਹਾਂ ਵਿਚੋਂ ਹਰਜੀਤ ਸਿੰਘ ਸੱਜਣ 'ਤੇ ਖਾਲਿਸਤਾਨੀਆਂ ਪ੍ਰਤੀ ਨਰਮ ਰਵੱਈਆ ਰੱਖਣ ਦਾ ਦੋਸ਼ ਲੱਗਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸੱਜਣ 'ਤੇ ਖਾਲਿਸਤਾਨ ਦਾ ਦੋਸ਼ ਲਗਾ ਕੇ ਹੀ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕੀਤਾ ਸੀ। ਜਸਟਿਨ ਟਰੂਡੋ ਵਲੋਂ ਖਾਲਸਾ ਡੇਅ ਪਰੇਡ ਦੌਰਾਨ ਗਰਮ ਖਿਆਲੀਆਂ ਦੇ ਮੰਚ 'ਤੇ ਜਾਣਾ ਵੀ ਭਾਰਤ ਵਿਚ ਮੁੱਦਾ ਬਣ ਗਿਆ ਸੀ।