ਬਹਿਬਲ ਕਲਾਂ ਗੋਲੀਕਾਂਡ : ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਸਰਕਾਰ ਨੂੰ ਰਿਪੋਰਟ ਸੌਂਪੀ, ਕਈਆਂ ''ਤੇ ਡਿੱਗੇਗੀ ਗਾਜ

07/01/2016 1:00:25 PM

ਚੰਡੀਗੜ੍ਹ (ਸੱਤੀ)— ਬਰਗਾੜੀ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਹਿਬਲ ਕਲਾਂ ''ਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ''ਤੇ ਪੁਲਸ ਵੱਲੋਂ ਗੋਲੀ ਚਲਾਉਣ ਦੀ ਜਾਂਚ ਕਰ ਰਹੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਬੀਤੇ ਦਿਨ ਦੇਰ ਸ਼ਾਮ ਮੁੱਖ ਸਕੱਤਰ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਸਟਿਸ ਜ਼ੋਰਾ ਸਿੰਘ ਨੇ ਜਾਂਚ ਪੂਰੀ ਕਰਨ ਤੋਂ ਬਾਅਦ ਇਸ ਹਫ਼ਤੇ ਰਿਪੋਰਟ ਸੌਂਪਣ ਦਾ ਸੰਕੇਤ ਦਿੱਤਾ ਸੀ। ਉਂਝ ਵੀ ਕਮਿਸ਼ਨ ਦੀ ਸੀਮਾ ਬੀਤੇ ਦਿਨ ਖਤਮ ਹੋ ਰਹੀ ਸੀ। ਰਿਪੋਰਟ ਸੀਲਬੰਦ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਕੁਝ ਪੁਲਸ ਵਾਲਿਆਂ ''ਤੇ ਗਾਜ ਡਿਗਣੀ ਤੈਅ ਹੈ।
ਜਾਂਚ ਦੌਰਾਨ ਕਮਿਸ਼ਨ ਨੇ ਤਤਕਾਲੀਨ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਸਮੇਤ ਕਈ ਪੁਲਸ ਵਾਲਿਆਂ ਦੇ ਬਿਆਨ ਦਰਜ ਕੀਤੇ ਸਨ। ਸਿੱਖ ਸੰਗਠਨਾਂ ਨੇ ਵੀ ਕੁਝ ਮੌਕੇ ਦੇ ਗਵਾਹਾਂ ਨੂੰ ਕਮਿਸ਼ਨ ਸਾਹਮਣੇ ਪੇਸ਼ ਕੀਤਾ ਸੀ। ਕਮਿਸ਼ਨ ਨੇ ਇਨ੍ਹਾਂ ਦੇ ਬਿਆਨ ਦਰਜ ਕੀਤੇ ਸਨ।
ਗੋਲੀਕਾਂਡ ਤੋਂ ਬਾਅਦ ਸਿੱਖ ਸੰਗਠਨ ਤੇ ਕਾਂਗਰਸ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜਸਟਿਸ ਤੋਂ ਕਰਵਾਉਣ ਦੀ ਮੰਗ ਕਰ ਰਹੇ ਸਨ ਪਰ ਪੰਜਾਬ ਸਰਕਾਰ ਨੇ ਨਿਆਇਕ ਕਮਿਸ਼ਨ ਗਠਿਤ ਕਰਕੇ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਦੇ ਹਵਾਲੇ ਕੀਤੀ ਸੀ। ਕਮਿਸ਼ਨ ਨੇ 206 ਗਵਾਹਾਂ ਦੇ ਬਿਆਨ ਦਰਜ ਕਰਕੇ ਜਾਂਚ ਪੂਰੀ ਕੀਤੀ ਤੇ ਬੀਤੇ ਦਿਨ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਅਜੇ ਰਿਪੋਰਟ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਸਰਕਾਰ ਹੁਣ ਇਸ ਰਿਪੋਰਟ ਦੇ ਆਧਾਰ ''ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਛੇਤੀ ਹੀ ਕਰ ਸਕਦੀ ਹੈ।

Gurminder Singh

This news is Content Editor Gurminder Singh