ਧਨਾਸ ਦੀ ਕਬਾੜੀ ਮਾਰਕੀਟ ''ਚੋਂ ਹਟਾਏ 150 ਨਾਜਾਇਜ਼ ਕਬਜ਼ੇ

06/20/2018 6:19:15 AM

ਚੰਡੀਗੜ੍ਹ,  (ਸਾਜਨ ਸ਼ਰਮਾ)—  ਅਸਟੇਟ ਆਫਿਸ ਨੇ ਮੰਗਲਵਾਰ ਨੂੰ ਧਨਾਸ ਦੀ ਕਬਾੜੀ ਮਾਰਕੀਟ ਵਿਚੋਂ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਚਲਾਈ। ਟੀਮ ਨੇ ਇਥੇ 150 ਨਾਜਾਇਜ਼ ਨਿਰਮਾਣਾਂ ਨੂੰ ਡੇਗ ਦਿੱਤਾ। ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਕਾਰਵਾਈ ਸ਼ਾਮ 5 ਵਜੇ ਤਕ ਚੱਲੀ। ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਭਾਰੀ ਪੁਲਸ ਫੋਰਸ ਮੌਜੂਦ ਰਹੀ। ਟੀਮ ਦੇ ਪਹੁੰਚਦਿਆਂ ਹੀ ਕੁਝ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਪਰ ਅਫਸਰਾਂ ਦੇ ਨਾ ਮੰਨਣ ਤੋਂ ਬਾਅਦ ਉਹ ਪਿੱਛੇ ਹਟ ਗਏ। ਕਾਰਵਾਈ ਵੇਖ ਕੇ ਕੁਝ ਦੁਕਾਨਦਾਰ ਦੁਕਾਨਾਂ ਨੂੰ ਤਾਲੇ ਲਾ ਕੇ ਮੌਕੇ ਤੋਂ ਦੌੜ ਗਏ।
ਟੀਮ ਨੇ ਦੁਕਾਨਦਾਰਾਂ ਨੂੰ ਸਾਮਾਨ ਕੱਢਣ ਦਾ ਕੁਝ ਸਮਾਂ ਵੀ ਦਿੱਤਾ ਪਰ ਦੁਕਾਨਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਾਮਾਨ ਕੱਢਣ ਦਾ ਬਿਲਕੁਲ ਮੌਕਾ ਨਹੀਂ ਦਿੱਤਾ ਗਿਆ। ਹਾਲਾਂਕਿ ਉਹ ਟੀਮ ਤੋਂ ਇਸ ਦੀ ਮੰਗ ਕਰਦੇ ਰਹੇ। ਦੱਸ ਦੇਈਏ ਕਿ ਅਸਟੇਟ ਆਫਿਸ ਵਲੋਂ ਇਨ੍ਹਾਂ ਦੁਕਾਨਦਾਰਾਂ ਨੂੰ ਬੀਤੇ ਕੁਝ ਸਮੇਂ ਵਿਚ ਕਈ ਵਾਰ ਨੋਟਿਸ ਭੇਜਿਆ ਗਿਆ ਅਤੇ ਨਾਜਾਇਜ਼ ਦੁਕਾਨਾਂ ਖੁਦ ਹੀ ਹਟਾਉਣ ਲਈ ਕਿਹਾ ਗਿਆ ਪਰ ਦੁਕਾਨਦਾਰਾਂ ਨੇ ਇਕ ਨਾ ਸੁਣੀ। 
ਮੰਗਲਵਾਰ ਨੂੰ ਪੂਰੇ ਲਾਮ ਲਸ਼ਕਰ ਦੇ ਨਾਲ ਟੀਮ ਪਹੁੰਚੀ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅਸਟੇਟ ਆਫਿਸ ਦੀ ਟੀਮ ਮੁਤਾਬਕ ਬੁੱਧਵਾਰ ਨੂੰ ਵੀ ਇਸ ਇਲਾਕੇ ਵਿਚ ਡਰਾਈਵ ਚਲਾ ਕੇ ਨਾਜਾਇਜ਼ ਦੁਕਾਨਾਂ ਨੂੰ ਹਟਾਇਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਕਬਾੜੀਏ ਨੇ ਮਾਰਕੀਟ ਵਿਚ ਲਾਲ ਡੋਰੇ ਤੋਂ ਬਾਹਰ ਟੀਨ ਦੀਆਂ ਸ਼ੈੱਡਾਂ ਪਾਈਆਂ ਹੋਈਆਂ ਸਨ। ਕੁਝ ਥਾਵਾਂ 'ਤੇ ਪੱਕੇ ਨਿਰਮਾਣ ਵੀ ਕੀਤੇ ਹੋਏ ਸਨ, ਜਿਨ੍ਹਾਂ ਨੂੰ ਡੇਗ ਦਿੱਤਾ ਗਿਆ।