ਕਿਸਾਨ ਜਥੇਬੰਦੀ ਨੇ ਬੀ. ਡੀ. ਪੀ. ਓ. ''ਤੇ ਲਾਏ ਘਟੀਆ ਵਿਵਹਾਰ ਦੇ ਦੋਸ਼

02/16/2018 11:27:28 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਬਲਾਕ ਵਿਕਾਸ 'ਤੇ ਪੰਚਾਇਤ ਅਫਸਰ ਗੰਡੀਵਿੰਡ ਤੇ ਜਮਹੂਰੀ ਕਿਸਾਨ ਸਭਾ ਨੇ ਘਟੀਆ ਵਿਵਹਾਰ ਦੇ ਦੋਸ਼ ਲਗਾਉਂਦਿਆਂ 21 ਫਰਵਰੀ ਨੂੰ ਬੀ. ਡੀ. ਪੀ. ਓ. ਵਿਰੋਧ ਅਗਲੇਰੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਦਾ ਐਲਾਣ ਕੀਤਾ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਪਿੰਡ ਗੰਡੀਵਿੰਡ ਸਥਿਤ ਇਕ ਵਿਅਕਤੀ ਵੱਲੋਂ ਸਰਕਾਰੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਸਬੰਧੀ ਉਨ੍ਹਾਂ ਦੀ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਕੀਤੀ ਗਈ ਲਿੱਖਤੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਡੀ. ਸੀ. ਵੱਲੋਂ ਬੀ. ਡੀ. ਪੀ. ਓ. ਗੰਡੀਵਿੰਡ ਨੂੰ ਅਦੇਸ਼ ਜਾਰੀ ਕੀਤੇ ਗਏ ਹਨ ਕਿ ਉਕਤ ਨਾਜਾਇਜ਼ ਕਬਜ਼ਾ ਛੁਡਵਾ ਕੇ ਸਬੰਧਿਤ ਵਿਅਕਤੀ ਵਿਰੋਧ ਪੁਲਸ ਕੇਸ ਦਰਜ ਕਰਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਉਹ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਸਿੰਘ ਰਸੂਲਪੁਰ ਸਣੇ ਵੀਰਵਾਰ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨੂੰ ਮਿਲੇ ਤਾਂ ਬੀ. ਡੀ. ਪੀ. ਓ. ਵੱਲੋਂ ਜਿਥੇ ਉਨ੍ਹਾਂ ਨਾਲ ਘਟੀਆ ਵਿਵਹਾਰ ਕਰਦਿਆਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਉਥੇ ਹੀ ਸਿਆਸੀ ਜ਼ੁਬਾਨ ਦੇ ਲਹਿਜੇ 'ਚ ਕਥਿਤ ਕਬਜ਼ਾਕਾਰੀ ਦਾ ਪੱਖ ਪੂਰਦਿਆਂ ਉਨ੍ਹਾਂ ਦੀ ਕਿਸੇ ਵੀ ਗੱਲ ਵੱਲ ਤਵੱਜ਼ੋਂ ਦੇਣਾ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਦੱਸਿਆ ਕਿ ਉਹ ਬੀ. ਡੀ. ਪੀ. ਓ. ਗੰਡੀਵਿੰਡ ਦੇ ਘਟੀਆ ਵਤੀਰੇ ਵਿਰੋਧ ਅਗਲੇਰੀ ਰਣਨੀਤੀ ਤੈਅ ਕਰਨ ਲਈ ਜਥੇਬੰਦੀ ਦੀਆਂ ਏਰੀਆ ਕਮੇਟੀਆਂ ਨਾਲ ਮੀਟਿੰਗਾਂ ਕਰ ਰਹੇ ਹਨ, ਜਿਸ ਤਹਿਤ ਸਮੁੱਚੀਆਂ ਏਰੀਆ ਕਮੇਟੀਆਂ ਦੀ 'ਐਕਸ਼ਨ ਤੈਅ' ਮੀਟਿੰਗ 21 ਫਰਵਰੀ ਨੂੰ ਪਿੰਡ ਚੀਮਾ ਕਲਾਂ ਸਥਿਤ ਗੁਰਦੁਆਰਾ ਵਿਖੇ ਕੀਤੀ ਜਾਵੇਗੀ ਅਤੇ ਬੀ. ਡੀ. ਪੀ. ਓ. ਗੰਡੀਵਿੰਡ ਵਿਰੋਧ ਅਗਲੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ। ਇਸ ਮੌਕੇ ਬੀਬੀ ਕਸ਼ਮੀਰ ਕੌਰ, ਜਗਬੀਰ ਸਿੰਘ ਬੱਬੂ, ਵਿਰਸਾ ਸਿੰਘ, ਅਜੇਪਾਲ ਸਿੰਘ ਕਾਲਾ, ਰੇਸ਼ਮ ਸਿੰਘ, ਪ੍ਰਗਟ ਸਿੰਘ ਗੰਡੀਵਿੰਡ, ਸਾਹਬ ਸਿੰਘ ਚੀਮਾ, ਮਿੰਟੂ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਬਿੱਲਾ ਚੀਮਾ ਆਦਿ ਹਾਜ਼ਰ ਸਨ। ਦੂਜੇ ਪਾਸੇ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ 'ਤੇ ਵਾਰ-ਵਾਰ ਸੰਪਰਕ ਕਰਨ 'ਤੇ ਵੀ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ।