ਖੇਡਾਂ ''ਚ ਛਾ ਗਏ ਜਲੰਧਰ ਦੇ ਜੂਨੀਅਰ ਖਿਡਾਰੀ, ਗੋਲਡ ਮੈਡਲ ਜਿੱਤ ਕੇ ਚਮਕਾਇਆ ਸ਼ਹਿਰ ਦਾ ਨਾਂ

11/19/2017 4:26:34 PM

ਜਲੰਧਰ (ਜ.ਬ)— ਸ਼ੁੱਕਰਵਾਰ ਦਾ ਦਿਨ ਖੇਡਾਂ ਪੱਖੋਂ ਜਲੰਧਰ ਲਈ ਸ਼ੁੱਭ ਰਿਹਾ। ਸ਼ਹਿਰ ਦੇ 2 ਜੂਨੀਅਰ ਖਿਡਾਰੀਆਂ ਨੇ ਵੱਖ ਵੱਖ ਥਾਵਾਂ 'ਤੇ ਹੋਏ ਕੌਮੀ ਪੱਧਰ ਦੇ ਦੋ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤੇ। ਸ਼ਹਿਰ ਨੂੰ ਪਹਿਲਾ ਗੋਲਡ ਜੂਨੀਅਰ ਸ਼ੂਟਰ ਅਗਮਵੀਰ ਸਿੰਘ ਭਾਟੀਆ ਨੇ ਦਿਵਾਇਆ। ਅਗਮਬੀਰ ਗਾਜ਼ੀਆਬਾਦ ਵਿਚ ਹੋਈ ਸੀ. ਬੀ.ਐੱਸ. ਈ. ਦੀ ਕੌਮੀ ਸਕੂਲ ਚੈਂਪੀਅਨਸ਼ਿਪ ਵਿਚ ਫਸਟ ਰਹੇ ਜਦੋਂ ਕਿ ਦੂਜਾ ਗੋਲਡ ਗੁਰਨਵਜੀਤ ਸਿੰਘ ਭਾਟੀਆ ਨੇ ਗੋਲਫ ਵਿਚ ਜਿੱਤਿਆ। ਗੁਰਨਵਜੀਤ ਮੁੰਬਈ ਵਿਚ ਹੋਏ ਆਈ. ਜੀ. ਯੂ. ਆਲ ਇੰਡੀਆ ਸਬ-ਜੂਨੀਅਰ ਐਂਡ ਫੀਡਰ ਟੂਰ ਫਾਈਨਲ- 2 ਵਿਚ ਪਹਿਲੇ ਸਥਾਨ 'ਤੇ ਰਹੇ। 
'ਖੇਲੋ ਇੰਡੀਆ' 'ਚ ਵੀ ਮਿਲੀ ਹੈ ਅਗਮਵੀਰ ਨੂੰ ਐਂਟਰੀ
ਅਗਮਵੀਰ ਨੇ ਗਾਜ਼ੀਆਬਾਦ ਦੇ ਖੈਤਾਨ ਪਬਲਿਕ ਸਕੂਲ ਵਿਚ ਆਯੋਜਿਤ ਸੀ .ਬੀ. ਐੱਸ. ਈ. ਅੰਡਰ-40 ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਪਿਸਟਲ ਈਵੈਂਟ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸ ਮੁਕਾਬਲੇ ਵਿਚ ਅਗਮਵੀਰ ਨੂੰ ਹਰਿਆਣਾ ਦੇ ਖਿਡਾਰੀਆਂ ਕੋਲੋਂ ਸਖਤ ਟੱਕਰ ਮਿਲੀ ਪਰ ਉਸ ਨੇ ਖੇਡ 'ਤੇ ਪੂਰਾ ਫੋਕਸ ਬਣਾਈ ਰੱਖਿਆ ਅਤੇ ਗੋਲਡ 'ਤੇ ਨਿਸ਼ਾਨਾ ਵਿੰਨ੍ਹਿਆ। ਇਸ ਮੁਕਾਬਲੇ ਵਿਚ ਦੇਸ਼ ਭਰ ਤੋਂ 200 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ।
ਇਸ ਤੋਂ ਪਹਿਲਾਂ ਅਗਮਵੀਰ ਨੇ ਇਸੇ ਮੁਕਾਬਲੇ ਦੇ ਨਾਰਥ ਜ਼ੋਨ ਕੰਪੀਟੀਸ਼ਨ 'ਚ ਤੀਜਾ ਸਥਾਨ ਹਾਸਲ ਕੀਤਾ ਸੀ। ਇਸ ਮੁਕਾਬਲੇ ਨੂੰ ਯੂਥ ਐਂਡ ਸਪੋਰਟਸ ਮੰਤਰਾਲਾ ਤੋਂ ਮਾਨਤਾ ਹਾਸਲ ਹੈ। ਅਗਮਵੀਰ ਨੂੰ ਇਸ ਜਿੱਤ ਤੋਂ ਬਾਅਦ ਫਰਵਰੀ ਵਿਚ ਦਿੱਲੀ ਵਿਚ ਹੋਣ ਵਾਲੇ 'ਖੇਲ੍ਹੋ ਇੰਡੀਆ' ਕੰਪੀਟੀਸ਼ਨ ਵਿਚ ਵੀ ਐਂਟਰੀ ਮਿਲ ਗਈ ਹੈ। ਖੇਡੋ ਇੰਡੀਆ ਟਾਪ-5 ਸ਼ੂਟਰਾਂ ਦੀ ਚੋਣ 2024 ਦੇ ਓਲੰਪਿਕ ਪ੍ਰੋਗਰਾਮ ਲਈ ਹੋਵੇਗੀ। 
ਹੁਣ ਮੈਂ ਆਪਣਾ ਪੂਰਾ ਧਿਆਨ ਸਕੂਲ ਗੇਮ ਫੈੱਡਰੇਸ਼ਨ ਆਫ ਇੰਡੀਆ ਵਲੋਂ ਪੁਣੇ ਵਿਚ 2 ਤੋਂ 5 ਦਸੰਬਰ ਤੱਕ ਕਰਵਾਈਆਂ ਜਾਣ ਵਾਲੀਆਂ ਸਕੂਲਾਂ ਖੇਡਾਂ ਤੇ 26 ਦਸੰਬਰ ਨੂੰ ਤ੍ਰਿਵੇਂਦਰਮ ਵਿਚ ਹੋਣ ਵਾਲੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਤੇ ਲਗਾ ਰਿਹਾ ਹਾਂ ਤੇ ਇਸ ਮੁਕਾਬਲੇ ਦਾ ਤਜਰਬਾ ਅਗਲੀਆਂ ਖੇਡਾਂ ਦੌਰਾਨ ਵੀ ਮੇਰੇ ਕੰਮ ਆਵੇਗਾ। ਮੇਰੀ ਸਫਲਤਾ ਦਾ ਸਿਹਰਾ ਕੋਚ ਰਵੀ ਕੁਮਾਰ ਅਤੇ ਕਰਨਲ ਸ਼ਾਰਪ ਸ਼ੂਟਰ ਅਕੈਡਮੀ ਨੂੰ ਜਾਂਦਾ ਹੈ, ਜਿੱਥੇ ਮੇਰੀ ਖੇਡ ਵਿਚ ਲਗਾਤਾਰ ਨਿਖਾਰ ਆ ਰਿਹਾ ਹੈ।-ਅਗਮਵੀਰ।

10 ਸਾਲ ਦੀ ਉਮਰ 'ਚ ਗੁਰਨਵਜੀਤ ਨੇ ਜਿੱਤੀ ਨੈਸ਼ਨਲ ਚੈਂਪੀਅਨਸ਼ਿਪ
21 ਅਤੇ 22 ਅਕਤੂਬਰ ਨੂੰ ਨਾਰਥ ਜ਼ੋਨ ਸਬ-ਜੂਨੀਅਰ ਅਤੇ ਫੀਡਰ ਮੁਕਾਬਲੇ ਵਿਚ ਜਿੱਤ ਹਾਸਲ ਕਰਨ ਵਾਲੇ ਸ਼ਹਿਰ ਦੇ ਗੋਲਫਰ ਗੁਰਨਵਜੀਤ ਸਿੰਘ ਨੇ 15 ਤੋਂ 17 ਨਵੰਬਰ ਤੱਕ ਮੁੰਬਈ ਵਿਚ ਹੋਏ ਕੌਮੀ ਮੁਕਾਬਲੇ ਵਿਚ ਇਕਾਗਰਤਾ ਨਾਲ ਬੇਹਤਰੀਨ ਪ੍ਰਦਰਸ਼ਨ ਕੀਤਾ ਤੇ 10 ਸਾਲ ਦੀ ਉਮਰ ਵਿਚ ਪਹਿਲੀ ਵਾਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ। ਇਸ ਜਿੱਤ ਵਿਚ ਗੁਰਨਵਜੀਤ ਦੇ ਕੋਚ ਜੋਨ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਨੇ ਇਸ ਬਾਲੜੇ ਗੋਲਫਰ ਨੂੰ ਮੁਕਾਬਲੇ ਵਿਚ ਪਲ ਪਲ ਆਪਣੀ ਵਿਉਂਤਬੰਦੀ ਅਤੇ ਖੇਡ 'ਤੇ ਫੋਕਸ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਗੁਰਨਵਜੀਤ ਅਮਰੀਕਾ ਵਿਚ ਹੋਏ ਬੱਚਿਆਂ ਦੇ ਵਿਸ਼ਵ ਪੱਧਰੀ ਗੋਲਫਰ ਮੁਕਾਬਲੇ ਵਿਚ ਹਿੱਸਾ ਲੈ ਚੁੱਕਿਆ ਹੈ ਅਤੇ ਇਸ ਦੌਰਾਨ ਉਹ 40ਵੇਂ ਸਥਾਨ 'ਤੇ ਰਿਹਾ ਸੀ। ਗੁਰਨਵਜੀਤ 4 ਸਾਲ ਦੀ ਉਮਰ ਤੋਂ ਗੋਲਫ ਸਿੱਖ ਰਿਹਾ ਹੈ ਅਤੇ ਇਸ ਦੌਰਾਨ ਉਹ ਜਲੰਧਰ ਦੇ ਪੀ. ਏ. ਪੀ. ਗੋਲਫ ਕੋਰਸ ਤੋਂ ਇਲਾਵਾ ਲੁਧਿਆਣਾ ਤੋਂ ਇੰਪੀਰੀਅਲ ਗੋਲਫ ਕੋਰਸ ਵਿਚ ਖੇਡ ਦੀ ਪ੍ਰੈਕਟਿਸ ਕਰਦਾ ਹੈ। ਇਸ ਦੌਰਾਨ ਸੁਨੀਲ ਉਸ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਇਸ ਜਿੱਤ ਵਿਚ ਮੇਰੇ ਮਾਤਾ-ਪਿਤਾ ਦੇ ਨਾਲ ਕੋਚ ਜੋਨ ਦੀ ਵੀ ਅਹਿਮ ਭੂਮਿਕਾ ਹੈ। ਮੇਰੇ ਆਦਰਸ਼ ਐਡਮ ਸਕੋਟਸ ਸਨ। ਮੈਂ ਉਨ੍ਹਾਂ ਵਾਂਗ ਗੋਲਫ ਦਾ ਬਿਹਤਰੀਨ ਖਿਡਾਰੀ ਬਣ ਕੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੁੰਦਾ ਹਾਂ।-ਗੁਰਨਵਜੀਤ ਜੂਨੀਅਰ ਗੋਲਫਰ