ਪੱਤਰਕਾਰ ਰਵੀ ਗਿੱਲ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਕੀਤੀ ਇਹ ਮੰਗ

08/20/2023 11:14:37 AM

ਜਲੰਧਰ (ਵਰੁਣ)- ਸ਼ੁੱਕਰਵਾਰ ਦੁਪਹਿਰ ਸਿਟੀ ਹੱਬ ਹੋਟਲ ਵਿਖੇ ਆਪਣੀ ਸਾਬਕਾ ਮਹਿਲਾ ਸਾਥੀ, ਉਸ ਦੇ ਭਰਾ, ਪੱਤਰਕਾਰ ਸਮੇਤ 4 ਵਿਅਕਤੀਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਮੀਡੀਆ ਪਰਸਨ ਰਵੀ ਗਿੱਲ ਦੇ ਪਰਿਵਾਰ ਵਾਲਿਆਂ ਨੇ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਤਕ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਦੁਪਹਿਰ ਬਾਅਦ ਪੀੜਤ ਪਰਿਵਾਰ ਨੇ ਰਵੀ ਗਿੱਲ ਦੇ ਸਮਰਥਕਾਂ ਨਾਲ ਭਗਵਾਨ ਵਾਲਮੀਕਿ ਚੌਂਕ ’ਚ ਧਰਨਾ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਸਾਰੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ।

ਪੁਲਸ ਪੀੜਤ ਪਰਿਵਾਰ ਨੂੰ ਮਨਾਉਂਦੀ ਰਹੀ ਪਰ ਕੋਈ ਭਰੋਸਾ ਨਾ ਮਿਲਣ ’ਤੇ ਸਮਰਥਕਾਂ ਨੇ ਚੌਂਕ ਦੇ ਆਲੇ-ਦੁਆਲੇ ਸਥਿਤ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ। ਦੇਰ ਰਾਤ ਤੱਕ ਡੀ. ਸੀ. ਪੀ. ਅੰਕੁਰ ਗੁਪਤਾ, ਵਿਧਾਇਕ ਰਮਨ ਅਰੋੜਾ ਪੀੜਤ ਪਰਿਵਾਰ ਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਦੇਰ ਰਾਤ ਤੱਕ ਧਰਨਾ ਜਾਰੀ ਰਿਹਾ। ਪੀੜਤ ਪਰਿਵਾਰ ਨੇ ਦੱਸਿਆ ਕਿ ਕੁਝ ਲੋਕਾਂ ਦੇ ਮੋਬਾਇਲ ਆਨ ਹਨ ਪਰ ਪੁਲਸ ਉਨ੍ਹਾਂ ਨੂੰ ਟਾਲ-ਮਟੋਲ ਕਰ ਰਹੀ ਹੈ, ਜਿਵੇਂ ਹੀ ਸਿਵਲ ਹਸਪਤਾਲ ’ਚ ਰਵੀ ਗਿੱਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕੀਤੀ ਗਈ ਤਾਂ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਨਾ ਕਰਨ ’ਤੇ ਅੜ ਗਏ।

ਇਹ ਵੀ ਪੜ੍ਹੋ- ਚਿਪਸ ਦੇਣ ਦੇ ਬਹਾਨੇ 6 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਹੌਲੀ-ਹੌਲੀ ਚੰਦਨ ਗਰੇਵਾਲ, ਨਰਿੰਦਰ ਥਾਪਰ ਸਮੇਤ ਵੱਖ-ਵੱਖ ਜਥੇਬੰਦੀਆਂ ਰਵੀ ਗਿੱਲ ਦੇ ਸਮਰਥਨ ’ਚ ਸਿਵਲ ਹਸਪਤਾਲ ਪੁੱਜਣੀਆਂ ਸ਼ੁਰੂ ਹੋ ਗਈਆਂ। 24 ਘੰਟੇ ਬੀਤ ਜਾਣ ’ਤੇ ਵੀ ਕਿਸੇ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਦੀ ਥਾਂ ਆਪਣੇ ਸਮਰਥਕਾਂ ਸਮੇਤ ਭਗਵਾਨ ਵਾਲਮੀਕਿ ਚੌਕ ’ਚ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਮੋਬਾਇਲ ਆਨ ਹਨ ਪਰ ਪੁਲਸ ਕਹਿ ਰਹੀ ਹੈ ਕਿ ਉਹ ਘਰੋਂ ਫਰਾਰ ਹਨ। ਪੁਲਸ ਅਧਿਕਾਰੀਆਂ ਨੂੰ ਧਰਨੇ ਦੀ ਸੂਚਨਾ ਮਿਲਦਿਆਂ ਹੀ ਭਗਵਾਨ ਵਾਲਮੀਕੀ ਚੌਕ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲਸ ਨੇ ਬੰਦ ਕਰ ਦਿੱਤਾ।

ਮੌਕੇ ’ਤੇ ਪੁਲਸ ਫੋਰਸ ਵੀ ਤਾਇਨਾਤ ਸੀ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪੁਲਸ ਨੇ ਧਾਰਾ 306 ਤਹਿਤ ਹੀ ਕੇਸ ਦਰਜ ਕੀਤਾ ਹੈ ਪਰ ਬਲੈਕਮੇਲਿੰਗ ਦੀ ਧਾਰਾ ਨਹੀਂ ਲਾਈ। ਪੁਲਸ ਨੇ ਭਰੋਸਾ ਦਿੱਤਾ ਕਿ ਉਹ ਬਲੈਕਮੇਲਿੰਗ ਦੀ ਧਾਰਾ ਵੀ ਜੋੜ ਦੇਣਗੇ। ਪੁਲਸ ਵੱਲੋਂ ਸ਼ਾਮ ਤੱਕ ਗ੍ਰਿਫ਼ਤਾਰੀ ਸਬੰਧੀ ਕੋਈ ਠੋਸ ਜਵਾਬ ਨਾ ਮਿਲਣ ’ਤੇ ਖਫਾ ਰਵੀ ਗਿੱਲ ਦੇ ਰਿਸ਼ਤੇਦਾਰਾਂ ਤੇ ਸਮਰਥਕਾਂ ਨੇ ਚੌਕ ਦੇ ਆਸ-ਪਾਸ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਸਾਰਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੰਡੇ ਬਾਜ਼ਾਰ ਨਹੀਂ ਲੱਗਣ ਦੇਣਗੇ ਅਤੇ ਸਾਰੇ ਨਾਮਜ਼ਦ ਵਿਅਕਤੀਆਂ ਦੇ ਗ੍ਰਿਫ਼ਤਾਰ ਹੋਣ ’ਤੇ ਹੀ ਧਰਨਾ ਚੁੱਕਣਗੇ। ਪੀੜਤ ਪਰਿਵਾਰ ਅਤੇ ਸਮਰਥਕ ਰਾਤ 10 ਵਜੇ ਤੱਕ ਧਰਨੇ ’ਤੇ ਬੈਠੇ ਰਹੇ। ਦੇਰ ਰਾਤ ਡੀ .ਸੀ. ਪੀ. ਅੰਕੁਰ ਗੁਪਤਾ ਤੇ ਵਿਧਾਇਕ ਰਮਨ ਅਰੋੜਾ ਉਨ੍ਹਾਂ ਨੂੰ ਭਰੋਸਾ ਦਿੰਦੇ ਰਹੇ ਪਰ ਪਰਿਵਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਅੜੇ ਰਿਹਾ। ਉਨ੍ਹਾਂ ਸਪੱਸ਼ਟ ਕਿਹਾ ਕਿ ਗ੍ਰਿਫ਼ਤਾਰੀ ਬਾਰੇ ਪਤਾ ਲੱਗਣ ’ਤੇ ਉਹ ਖ਼ੁਦ ਧਰਨਾ ਚੁੱਕਣਗੇ।

ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri