ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀ ਆਰੰਭਤਾ ਨਾਲ ਬਾਬੇ ਨਾਨਕ ਦੇ ਰੰਗਾਂ 'ਚ ਰੰਗਿਆ ਡੇਰਾ ਬਾਬਾ ਨਾਨਕ

03/04/2021 2:45:15 PM

ਡੇਰਾ ਬਾਬਾ ਨਾਨਕ (ਵਤਨ) : ਸਰਹੱਦੀ ਕਸਬਾ ਅਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ’ਤੇ ਅੱਜ ਤੋਂ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਸ਼ਾਨੌ ਸ਼ੌਕਤ ਨਾਲ ਆਰੰਭ ਹੋ ਗਿਆ। ਮੇਲੇ ਦੇ ਸਬੰਧ ’ਚ ਮੇਲੇ ਦੇ ਪ੍ਰਬੰਧਕ ਅਤੇ ਗੱਦੀ ਨਸ਼ੀਨ ਬਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਅਤੇ ਗੁਰਦੁਆਰਾ ਸੱਚ ਖੰਡ ਗੁਰੂ ਨਾਨਕ ਅਸਥਾਨ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਹਨ, ਇਸ ਦੇ ਨਾਲ ਹੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਨਿਰਵਿਘਨ ਚੱਲ ਰਿਹਾ ਹੈ। ਬਾਬਾ ਅਵਤਾਰ ਸਿੰਘ ਬੇਦੀ ਸੰਗਤਾਂ ਨੂੰ ਜਿਥੇ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਨ, ਉਥੇ ਸ਼੍ਰੀ ਚੋਲਾ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸ ਕੇ ਸੰਗਤ ਨੂੰ ਗੁਰੂ ਜੀ ਵਲੋਂ ਦਰਸ਼ਾਏ ਮਾਰਗ ਦੇ ਚੱਲ ਦੀ ਪ੍ਰੇਰਣਾ ਦੇ ਰਹੇ ਹਨ। ਕਸਬੇ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਲੋਂ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਸੰਗਤਾਂ ਦੀ ਸਹੂਲਤ ਲਈ ਪਾਰਕਿੰਗ, ਲੰਗਰ ਅਤੇ ਰਿਹਾਇਸ਼ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਮੇਲਾ ਸ਼੍ਰੀ ਚੋਲਾ ਸਾਹਿਬ ਮੌਕੇ ਡੇਰਾ ਬਾਬਾ ਨਾਨਕ ਆ ਰਹੀਆਂ ਸੰਗਤਾਂ ਦੇ ਸਵਾਗਤ ਲਈ ਕਸਬੇ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੀ ਸੰਗਤ ਪੱਬਾਂ ਭਾਰ ਹੋਈ ਪਈ ਹੈ। ਸੰਗਤਾਂ ਵਲੋਂ ਥਾਂ-ਥਾਂ ’ਤੇ ਲੰਗਰਾਂ ਤੋਂ ਇਲਾਵਾ, ਠੰਡੇ ਮਿੱਠੇ ਜਲ, ਗੰਨੇ ਦੇ ਰਸ ਆਦਿ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੀਆਂ ਸੰਗਤ ਨੂੰ ਰੋਕ-ਰੋਕ ਕੇ ਲੰਗਰ ਛਕਾ ਰਹੇ ਹਨ। ਮੇਲੇ ਦੀ ਆਮਦ ਨੂੰ ਲੈ ਕੇ ਕਸਬੇ ਨੂੰ ਸਜਾਇਆ ਗਿਆ ਹੈ ਅਤੇ ਸੰਗਤਾਂ ਦੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸਮੁੱਚਾ ਕਸਬਾ ਗੂੰਜ ਰਿਹਾ ਹੈ, ਜਿਸ ਨਾਲ ਸਮੁੱਚਾ ਕਸਬਾ ਬਾਬੇ ਦੇ ਰੰਗ ਵਿਚ ਰੰਗਿਆ ਗਿਆ ਹੈ।

ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੀ ਸੰਗਤ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਪਹੁੰਚ ਕੇ ਦੂਰੋਂ ਹੀ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਵੀ ਦੂਰੋਂ ਦਰਸ਼ਨ ਦੀਦਾਰ ਕਰ ਰਹੀ ਹੈ। ਮੇਲੇ ਦੀ ਆਮਦ ਨੂੰ ਲੈ ਕੇ ਪੁਲਸ ਵਲੋਂ ਐੱਸ. ਐੱਚ. ਓ. ਅਨਿਲ ਪਵਾਰ ਦੀ ਅਗਵਾਈ ਹੇਠ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਐੱਸ. ਐੱਚ. ਓ. ਖੁਦ ਵੱਖ-ਵੱਖ ਸਥਾਨਾਂ ’ਤੇ ਸੁਰੱਖਿਆ ਦੇ ਪ੍ਰਬੰਧਾਂ ਦਾ ਨਿਰੀਖਣ ਕਰ ਰਹੇ ਹਨ।

Anuradha

This news is Content Editor Anuradha